ਕੈਪਟਨ ਵੱਲੋਂ ਚੇਅਰਮੈਨੀਆਂ ਦੇਣ ਦੀ ਝੰਡੀ!

06/11/2018 12:36:43 PM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਵਿਧਾਨ ਸਭਾ ਕਾਂਗਰਸ ਪਾਰਟੀ ਦੇ 78 ਵਿਧਾਇਕ ਹੋਣ ਨਾਲ ਦੋ ਤਿਹਾਈ ਬਹੁਮਤ ਸਰਕਾਰ ਨੂੰ ਮਿਲਣ 'ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਪੰਜਾਬ ਦੀਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਲਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਸਬੰਧੀ ਕਾਰਵਾਈ ਸ਼ੁਰੂ ਹੋ ਗਈ ਹੈ। ਕਿਉਂਕਿ ਇਸ ਤੋਂ ਪਹਿਲਾਂ 153 ਮਾਰਕੀਟ ਕਮੇਟੀ 'ਚ ਸੁਪਰ ਸੈਸ਼ਨ ਦੇ ਚੱਲਦੇ ਇਕ ਸਾਲ ਜਿਸ ਦੀ ਮਿਆਦ ਕਾਨੂੰਨੀ ਤੌਰ 'ਤੇ 6 ਜੂਨ ਨੂੰ ਖਤਮ ਹੋ ਚੁੱਕੀ ਹੈ। ਹੁਣ ਕੈਪਟਨ ਵੱਲੋਂ ਕਾਂਗਰਸ ਪਾਰਟੀ ਵਿਚ ਬੈਠੇ ਵੱਖ-ਵੱਖ ਵਿਧਾਨ ਸਭਾ ਦੇ ਕਾਂਗਰਸੀ ਨੇਤਾਵਾਂ ਨੂੰ ਇਨ੍ਹਾਂ ਕਮੇਟੀਆਂ ਦੀ ਵਾਂਗਡੋਰ ਭਾਵ ਚੇਅਰਮੈਨੀਆਂ ਤੇ ਵਾਈਸ ਚੇਅਰਮੈਨੀਆਂ ਮੈਂਬਰ ਬਣਾ ਕੇ ਅਮਲੀਜਾਮਾ ਪਹਿਨਾਉਣ ਦੀ ਤਿਆਰੀ 'ਚ ਹਨ। 
ਇਸ ਤੋਂ ਪਹਿਲਾਂ ਇਨ੍ਹਾਂ ਕਮੇਟੀਆਂ ਤੇ ਸਥਾਨਕ ਐੱਸ. ਡੀ. ਐੱਮ. ਪ੍ਰਸ਼ਾਸਨ ਕੰਮਕਾਰ ਦੇਖਦਾ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵੱਖ-ਵੱਖ ਹਲਕਿਆਂ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਰਾਹੀਂ ਸਰਕਾਰ ਚੇਅਰਮੈਨ ਬਣਨ ਵਾਲੇ ਸੱਜਣਾਂ ਦੀਆਂ ਰਿਪੋਰਟਾਂ ਵੀ ਹਾਸਲ ਕਰਨ ਲਈ ਅੰਦਰ ਖਾਤੇ ਹੁਕਮ ਦੇ ਚੁੱਕੀ ਹੈ। ਸੂਤਰਾਂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਵੱਲੋਂ ਜੇਕਰ ਇਹ ਪਟਾਰੀ ਸੱਚਮੁੱਚ ਖੋਲ੍ਹ ਦਿੱਤੀ ਤਾਂ ਇਸ ਨਾਲ ਇਕ ਹਜ਼ਾਰ ਤੋਂ ਵੱਧ ਕਾਂਗਰਸੀ ਨੇਤਾ ਚੇਅਰਮੈਨ, ਵਾਈਸ ਚੇਅਰਮੈਨ ਤੇ ਮੈਂਬਰੀ ਲੈ ਕੇ ਅਡਜਸਟ ਹੋ ਸਕਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਪੰਜਾਬ ਪੱਧਰ ਦੀਆਂ ਚੇਅਰਮੈਨੀਆਂ ਦੀ ਲਿਸਟ ਬਣਾ ਚੁੱਕੀ ਹੈ ਜਿਨ੍ਹਾਂ ਵਿਚ ਡੇਢ ਦਰਜਨ ਤੋਂ ਵੱਧ ਮੌਜੂਦਾ ਵਿਧਾਇਕ ਅਤੇ ਇਕ ਦਰਜਨ ਦੇ ਕਰੀਬ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾ ਦੇ ਨਾਂ ਸ਼ਾਮਲ ਦੱਸੇ ਜਾ ਰਹੇ ਹਨ।