ਵੀ. ਆਈ. ਪੀ. ਕਲਚਰ ''ਚ ਡੁੱਬੇ ''ਕੈਪਟਨ'', ਹੁਣ ਤਾਂ ਹੱਦ ਕਰ ਛੱਡੀ

05/25/2018 10:49:49 AM

ਜਲੰਧਰ (ਰਵਿੰਦਰ) : ਸੂਬੇ 'ਚੋਂ ਵੀ. ਆਈ. ਪੀ. ਕਲਚਰ ਦਾ ਖਾਤਮਾ ਕਰਨ ਦਾ ਦਾਅਵਾ ਕਰਕੇ ਸੱਤਾ 'ਚ ਆਏ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਪੂਰੀ ਤਰ੍ਹਾਂ ਨਾਲ ਵੀ. ਆਈ. ਪੀ. ਕਲਚਰ 'ਚ ਡੁੱਬ ਚੁੱਕੇ ਹਨ। ਹੁਣ ਤਾਂ ਕੈਪਟਨ ਨੇ ਹੱਦ ਹੀ ਕਰ ਦਿੱਤੀ। ਇਕ ਪਾਸੇ ਵਿਰੋਧੀ ਪਾਰਟੀ ਦੇ ਆਗੂ ਪਿਛਲੇ ਕਈ ਦਿਨਾਂ ਤੋਂ ਜਿੱਥੇ ਸ਼ਾਹਕੋਟ ਜ਼ਿਮਨੀ ਚੋਣ ਲਈ ਇਲਾਕੇ 'ਚ ਡੇਰਾ ਜਮਾ ਕੇ ਗਰਮੀ 'ਚ ਪ੍ਰਚਾਰ ਕਰ ਰਹੇ ਹਨ ਤਾਂ ਦੂਜੇ ਪਾਸੇ ਮਨਾਲੀ 'ਚ 5 ਦਿਨਾਂ ਦੀਆਂ ਛੁੱਟੀਆਂ ਮਨਾ ਕਾ ਵਾਪਸ ਪਰਤੇ ਕੈਪਟਨ ਅਮਰਿੰਦਰ ਸਿੰਘ ਹੁਣ ਸ਼ਾਹਕੋਟ ਜ਼ਿਮਨੀ ਚੋਣ 'ਚ ਵੀ. ਆਈ. ਪੀ. ਤਰੀਕੇ ਨਾਲ ਪ੍ਰਚਾਰ ਕਰਨਗੇ।
ਜਨਤਾ 'ਚ ਜਾਣ ਲਈ ਸ਼ਾਇਦ ਉਹ ਇੰਨੀ ਗਰਮੀ ਬਰਦਾਸ਼ਤ ਨਹੀਂ ਕਰ ਸਕਣਗੇ, ਇਸ ਲਈ ਉੱਥੇ ਹਾਈਟੈੱਕ ਏਅਰ ਕੰਡੀਸ਼ਨਡ ਬੱਸ ਰਾਹੀਂ ਪ੍ਰਚਾਰ ਕਰਨਗੇ, ਜਿਸ ਦੀ ਰੂਪ-ਰੇਖਾ ਜ਼ਿਲਾ ਕਾਂਗਰਸ ਭਵਨ 'ਚ ਤਿਆਰੀ ਕੀਤੀ ਜਾ ਰਹੀ ਹੈ। ਚੋਣ ਪ੍ਰਚਾਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਲਈ ਸਪੈਸ਼ਲ ਹਾਈਟੈੱਕ ਏ. ਸੀ. ਬੱਸ ਤਿਆਰ ਕੀਤੀ ਗਈ ਹੈ, ਜਿਸ 'ਤੇ ਸਵਾਰ ਹੋ ਕੇ ਕੈਪਟਨ ਚੋਣ ਪ੍ਰਚਾਰ ਦੇ ਆਖਰੀ ਦਿਨ ਇਲਾਕੇ 'ਚ ਰੋਡ ਸ਼ੋਅ ਕਰਨਗੇ ਪਰ ਜਨਤਾ ਸਵਾਲ ਇਹ ਖੜ੍ਹਾ ਕਰ ਰਹੀ ਹੈ ਕਿ ਸੱਤਾ 'ਚ ਆਉਣ ਲਈ ਵਾਅਦੇ ਅਤੇ ਦਾਅਵਿਆਂ ਨੂੰ ਕੈਪਟਨ ਨੇ ਛਿੱਕੇ 'ਤੇ ਕਿਉਂ ਟੰਗ ਦਿੱਤਾ ਹੈ? 
ਆਮ ਆਦਮੀ ਪਾਰਟੀ ਦੀ ਰਾਹ 'ਤੇ ਚੱਲਦੇ ਹੋਏ ਕਾਂਗਰਸ ਨੇ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਹੀ ਸੂਬੇ 'ਚੋਂ ਵੀ. ਆਈ. ਪੀ. ਕਲਚਰ ਦਾ ਖਾਤਮਾ ਕਰ ਦਿੱਤਾ ਜਾਵੇਗਾ। ਨਾ ਤਾਂ ਕਿਸੇ ਮੰਤਰੀ ਜਾਂ ਮੁੱਖ ਮੰਤਰ ਲਈ ਕੋਈ ਰੂਟ ਲੱਗੇਗਾ ਅਤੇ ਨਾ ਹੀ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਪਣਾ ਕੰਮਕਾਜ ਛੱਡ ਕੇ ਮੰਤਰੀਆਂ ਦੇ ਅੱਗੇ-ਪਿੱਛੇ ਘੁੰਮਣਗੇ ਪਰ ਸੱਤਾ 'ਚ ਆਉਂਦਿਆਂ ਹੀ ਕਾਂਗਰਸ ਸਭ ਕੁਝ ਭੁੱਲ ਗਈ।