15ਵੇਂ ਵਿੱਤ ਕਮਿਸ਼ਨ ਨੇ ਮਾਰਚ ਤੱਕ ਪੰਜਾਬ ਤੋਂ ਮੰਗੇ ਸੁਝਾਅ

01/30/2020 12:50:56 PM

ਚੰਡੀਗੜ੍ਹ : 15ਵੇਂ ਵਿੱਤ ਕਮਿਸ਼ਨ ਦੇ ਅਕਤੂਬਰ ਤੱਕ ਵਧਾਏ ਗਏ ਕਾਰਜਕਾਲ ਤੋਂ ਬਾਅਦ ਚੇਅਰਪਰਸਨ ਐੱਨ. ਕੇ. ਸਿਨਹਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਹੈ ਕਿ ਸੂਬਾ ਸਰਕਾਰ 31 ਮਾਰਚ ਤੱਕ ਸੋਧੇ ਹੋਏ ਸੁਝਾਅ ਜਾਂ ਸਿਫਾਰਸ਼ਾਂ ਪੇਸ਼ ਕਰ ਸਕਦੀ ਹੈ। ਕਮਿਸ਼ਨ ਨੇ ਰਾਸ਼ਟਰਪਤੀ ਨੂੰ 2 ਰਿਪੋਰਟਾਂ ਸੌਂਪਣੀਆਂ ਸੀ, ਪਹਿਲੀ ਮਾਲੀ ਸਾਲ 2020-21 ਅਤੇ ਦੂਜੀ 2021-22 ਤੋਂ 2025-26 ਲਈ। ਚੇਅਰਪਰਸਨ ਨੇ ਕਿਹਾ ਕਿ ਉਨ੍ਹਾਂ ਵਲੋਂ ਮਾਲੀ ਸਾਲ 2020-21 ਲਈ ਆਪਣੀ ਰਿਪੋਰਟ ਸੌਂਪ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਹੁਣ ਅਸੀਂ 2021-22 ਤੋਂ 2025-26 ਲਈ ਅੰਤਿਮ ਰਿਪੋਰਟ ਤਿਆਰ ਕਰਨ ਲਈ ਆਪਣੀ ਪ੍ਰੀਖਿਆ ਸ਼ੁਰੂ ਕਰ ਰਹੇ ਹਾ, ਜਿਸ ਨੂੰ 30 ਅਕਤੂਬਰ, 2020 ਤੱਕ ਰਾਸ਼ਟਰਪਤੀ ਨੂੰ ਸੌਂਪਣਾ ਹੈ। ਉਨ੍ਹਾਂ ਨੇ ਕੈਪਟਨ ਨੂੰ ਜਾਣੂੰ ਕਰਵਾਇਆ ਕਿ ਉਹ ਜਾਂ ਉਨ੍ਹਾਂ ਦੇ ਅਧਿਕਾਰੀਆਂ ਵਲੋਂ ਭੇਜੇ ਜਾਣ ਵਾਲੇ ਪ੍ਰਸਤਾਵਿਤ ਮੈਂਮੋਰੈਂਡਮ 'ਚ ਸ਼ਾਮਲ ਕਿਸੇ ਵੀ ਸੁਝਾਅ ਬਾਰੇ ਵਿਚਾਰ ਲਈ ਸੁਆਗਤ ਕੀਤਾ ਜਾਵੇਗਾ। ਪੰਜਾਬ ਵਿੱਤ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਪੱਤਰ ਲਿਖ ਕੇ ਕਮਿਸ਼ਨ ਨੂੰ ਸੁਝਾਅ ਦੇਣ ਲਈ ਸੱਦਾ ਦੇ ਦਿੱਤਾ ਹੈ।

Babita

This news is Content Editor Babita