ਕੈਪਟਨ ਦੀ ਹਦਾਇਤ ''ਤੇ ਕਈ ਵਿਭਾਗਾਂ ਨੂੰ 566 ਕਰੋੜ ਰੁਪਏ ਜਾਰੀ

12/13/2019 10:38:05 AM

ਚੰਡੀਗੜ੍ਹ (ਅਸਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ 'ਤੇ ਵਿੱਤ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ, ਮਾਲ, ਸਹਿਕਾਰਤਾ, ਸੈਰ-ਸਪਾਟਾ, ਭੋਂ ਤੇ ਜਲ ਸੰਭਾਲ ਵਿਭਾਗਾਂ ਤੋਂ ਇਲਾਵਾ ਪੰਜਾਬ ਬੁਨਿਆਦੀ ਵਿਕਾਸ ਬੋਰਡ (ਪੀ. ਆਈ. ਡੀ. ਬੀ.) ਨੂੰ 565.99 ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ 14ਵੇਂ ਵਿੱਤ ਕਮਿਸ਼ਨ ਗ੍ਰਾਂਟ ਤਹਿਤ ਵਿੱਤੀ ਵਰ੍ਹੇ 2016-17 ਲਈ ਮੁੱਢਲੀ ਗ੍ਰਾਂਟ ਅਤੇ ਕਾਰਗੁਜ਼ਾਰੀ ਗ੍ਰਾਂਟ ਦੀ ਦੂਜੀ ਕਿਸ਼ਤ ਦੇ ਸੰਦਰਭ 'ਚ ਕ੍ਰਮਵਾਰ 305.81 ਕਰੋੜ ਅਤੇ 80.23 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ।

ਇਸੇ ਤਰ੍ਹਾਂ ਵਿੱਤ ਵਿਭਾਗ ਨੇ ਬਾਂਡਜ਼ ਦੀ ਮੁੜ ਖਰੀਦ ਲਈ ਪੀ. ਆਈ. ਡੀ. ਬੀ. ਨੂੰ 100.80 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ। ਇਸੇ ਦੌਰਾਨ ਨਾਬਾਰਡ ਤਹਿਤ ਭੋਂ ਤੇ ਜਲ ਸੰਭਾਲ ਵਿਭਾਗ ਦੇ ਸੋਧੇ ਹੋਏ ਪਾਣੀ ਦੀ ਮੁੜ ਵਰਤੋਂ ਅਤੇ ਸੂਖਮ ਸਿੰਚਾਈ ਸਮੇਤ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਲਈ 54.23 ਕਰੋੜ ਜਾਰੀ ਕੀਤੇ ਹਨ। ਕੌਮੀ ਸਹਿਕਾਰੀ ਵਿਕਾਸ ਨਿਗਮ ਰਾਹੀਂ ਭੋਗਪੁਰ ਕੋ-ਆਪ੍ਰੇਟਿਵ ਸ਼ੂਗਰ ਮਿੱਲ ਨੂੰ ਅਪਗ੍ਰੇਡ ਅਤੇ ਇਸ ਦੇ ਆਧੁਨਿਕੀਕਰਨ ਨੂੰ ਯਕੀਨੀ ਬਣਾਉਣ ਲਈ 6.96 ਕਰੋੜ ਰੁਪਏ ਜਾਰੀ ਕੀਤੇ ਹਨ।

ਸੈਰ-ਸਪਾਟਾ ਲਈ ਏਸ਼ੀਅਨ ਵਿਕਾਸ ਬੈਂਕ ਦੀ ਸਹਾਇਤਾ ਪ੍ਰਾਪਤ ਬੁਨਿਆਦੀ ਢਾਂਚਾ ਵਿਕਾਸ ਨਿਵੇਸ਼ ਪ੍ਰੋਗਰਾਮ ਤਹਿਤ ਵੱਖ-ਵੱਖ ਸੈਰ-ਸਪਾਟਾ ਪ੍ਰਾਜੈਕਟਾਂ ਨੂੰ ਅਮਲ 'ਚ ਲਿਆਉਣ ਲਈ ਵਿਭਾਗ ਨੂੰ 5.96 ਕਰੋੜ ਰੁਪਏ ਦੇ ਫੰਡ ਅਲਾਟ ਕੀਤੇ ਹਨ। ਇਸ ਤੋਂ ਇਲਾਵਾ ਜ਼ਿਲਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀਆਂ ਦੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਅਤੇ ਨੰਬਰਦਾਰਾਂ ਦੀਆਂ ਤਨਖਾਹਾਂ ਦੀ ਅਦਾਇਗੀ ਲਈ ਕ੍ਰਮਵਾਰ 5 ਕਰੋੜ ਰੁਪਏ ਅਤੇ 7 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

Babita

This news is Content Editor Babita