ਮੌ ਸਾਹਿਬ ''ਚ ਮਨਰੇਗਾ ਵਰਕਰਾਂ ਤੇ ਵਾਲੰਟੀਅਰਜ਼ ਦੀ ਮਦਦ ਨਾਲ ਭਰੀ ਵੱਡੀ ਤ੍ਰੇੜ : ਕੈਪਟਨ

08/24/2019 10:57:03 AM

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੇ ਮਨਰੇਗਾ ਮਜ਼ਦੂਰਾਂ ਅਤੇ ਸਵੈਮ-ਸੇਵੀ ਸੰਸਥਾਵਾਂ ਦੇ ਵਾਲੰਟੀਅਰਜ਼ ਦੀ ਮਦਦ ਨਾਲ ਫਿਲੌਰ ਦੇ ਨੇੜੇ ਪੈਂਦੇ ਮੌ ਸਾਹਿਬ ਪਿੰਡ 'ਚ ਸਤਲੁਜ ਦਰਿਆ 'ਚ ਆਈ 165 ਫੁੱਟ ਵੱਡੀ ਤ੍ਰੇੜ ਨੂੰ ਭਰਨ 'ਚ ਸਫਲਤਾ ਹਾਸਲ ਕਰ ਲਈ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਹੜ੍ਹ ਨਾਲ ਹੋਈ ਤਬਾਹੀ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਕੇਂਦਰ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹੈ ਅਤੇ ਛੇਤੀ ਹੀ ਲਿਖਤੀ ਤੌਰ 'ਤੇ ਇਕ ਮੈਮੋਰੰਡਮ ਕੇਂਦਰ ਨੂੰ ਸੌਂਪ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਮੌ ਸਾਹਿਬ 'ਚ ਆਈ ਤ੍ਰੇੜ ਨੂੰ ਭਰਨਾ ਸੌਖਾ ਕੰਮ ਨਹੀਂ ਸੀ ਪਰ ਫਿਰ ਵੀ ਰੇਤ ਦੀਆਂ ਬੋਰੀਆਂ ਨਾਲ ਮਨਰੇਗਾ ਮਜ਼ਦੂਰਾਂ ਨੇ ਦਿਨ-ਰਾਤ ਇਕ ਕਰ ਕੇ ਤ੍ਰੇੜ ਨੂੰ ਭਰ ਦਿੱਤਾ। ਉਨ੍ਹਾਂ ਕਿਹਾ ਕਿ ਰਾਜ 'ਚ ਹੋਰ ਸਥਾਨਾਂ 'ਤੇ ਵੀ ਹੜ੍ਹ ਕਾਰਨ ਪੈਦਾ ਹੋਏ ਹਾਲਾਤ ਨੂੰ ਆਮ ਬਣਾਉਣ ਲਈ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਕੰਮ ਕਰ ਰਹੇ ਹਨ ਅਤੇ ਜੰਗੀ ਪੱਧਰ 'ਤੇ ਧੁੱਸੀ ਬੰਨ੍ਹ 'ਚ ਆਈਆਂ ਤ੍ਰੇੜਾਂ ਨੂੰ ਭਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੌ ਸਾਹਿਬ 'ਚ ਪ੍ਰਸ਼ਾਸਨ ਨੇ ਕੰਮ ਕੀਤਾ ਹੈ, ਉਸੇ ਤਰ੍ਹਾਂ ਹੋਰਨਾਂ ਜ਼ਿਲਿਆਂ 'ਚ ਵੀ ਅਧਿਕਾਰੀਆਂ ਨੂੰ ਮਨਰੇਗਾ ਮਜ਼ਦੂਰਾਂ ਅਤੇ ਸਵੈਮ-ਸੇਵੀ ਸੰਗਠਨਾਂ ਦੇ ਵਰਕਰਾਂ ਦੀ ਮਦਦ ਲੈਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਹੜ੍ਹ ਰਾਹਤ ਕਾਰਜਾਂ 'ਚ ਤੇਜ਼ੀ ਲਿਆਉਣ ਲਈ 1000 ਕਰੋੜ ਦਾ ਤੁਰੰਤ ਪੈਕੇਜ ਮੰਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਉਸ ਦੇ ਲਈ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਬੈਂਕ ਕਰਜ਼ਿਆਂ ਨੂੰ ਮਾਫ ਕਰਨਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਕਰਜ਼ਿਆਂ ਦੀ ਵਸੂਲੀ 'ਤੇ ਤੁਰੰਤ ਰੋਕ ਲਾ ਦਿੱਤੀ ਜਾਣੀ ਚਾਹੀਦੀ ਹੈ।

shivani attri

This news is Content Editor shivani attri