ਕੈਪਟਨ ਦੀ 'ਜ਼ੋਰ ਦੀ ਜੱਫੀ', ਮਿੰਟਾਂ 'ਚ ਦੂਰ ਹੋਈ ਕੇ. ਪੀ. ਦੀ ਨਾਰਾਜ਼ਗੀ (ਵੀਡੀਓ)

04/22/2019 1:48:00 PM

ਜਲੰਧਰ (ਜਸਪ੍ਰੀਤ ਚੋਪੜਾ) — ਲੋਕ ਸਭਾ ਚੋਣਾਂ ਲਈ ਹਲਕਾ ਜਲੰਧਰ ਤੋਂ ਟਿਕਟ ਨਾ ਮਿਲਣ ਕਰਕੇ ਨਾਰਾਜ਼ ਚੱਲ ਰਹੇ ਮਹਿੰਦਰ ਸਿੰਘ ਕੇ. ਪੀ. ਨੂੰ ਮਨਾਉਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਘਰ ਪਹੁੰਚੇ, ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਦੀ ਜੱਫੀ ਪਾਉਂਦੇ ਹੋਏ ਕੇ. ਪੀ. ਦੀ ਨਾਰਾਜ਼ਗੀ ਨੂੰ ਦੂਰ ਕੀਤਾ ਅਤੇ ਕਾਂਗਰਸ ਦੇ ਨਾਲ ਫਿਰ ਤੋਂ ਸਮਝੌਤਾ ਕਰਵਾਇਆ।

ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਮੌਜੂਦਾ ਸੰਸਦ ਮੈਂਬਰ ਅਤੇ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮਹਿੰਦਰ ਸਿੰਘ ਕੇ. ਪੀ. ਦੇ ਘਰ ਦਾ ਦੌਰਾ ਕਰਨ ਪਹੁੰਚੇ ਸਨ, ਜਿੱਥੇ ਉਹ ਕੇ. ਪੀ. ਦੀ ਨਾਰਾਜ਼ਗੀ ਨੂੰ ਦੂਰ ਕਰਨ 'ਚ ਕਾਮਯਾਬ ਰਹੇ। ਇਸ ਦੌਰਾਨ ਉਨ੍ਹਾਂ ਨਾਲ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੀ ਮੌਜੂਦ ਸਨ। ਕੈਪਟਨ ਅਮਰਿੰਦਰ ਨੇ ਕੇ. ਪੀ. ਪਰਿਵਾਰ ਸਮਰਥਕਾਂ ਦੇ ਨਾਲ ਕਰੀਬ 25 ਮਿੰਟ ਬੈਠਕ ਕਰਨ ਤੋਂ ਬਾਅਦ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਮਹਿੰਦਰ ਕੇ. ਪੀ. ਨੂੰ ਆਪਣੇ ਨਾਲ ਲੈ ਗਏ।
ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇ. ਪੀ. ਪਾਰਟੀ ਦੇ ਸੱਚੇ ਸਿਪਾਹੀ ਹਨ। ਨਾਰਾਜ਼ਗੀਆਂ ਤਾਂ ਪਰਿਵਾਰਾਂ 'ਚ ਹੁੰਦੀਆਂ ਹੀ ਰਹਿੰਦੀਆਂ ਹਨ। ਅੱਜ ਕੇ. ਪੀ. ਸਾਹਿਬ ਦੀਆਂ ਨਾਰਾਜ਼ਗੀਆਂ ਨੂੰ ਦੂਰ ਕਰ ਦਿੱਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇ. ਪੀ. ਨੇ ਕਿਹਾ ਕਿ ਉਨ੍ਹਾਂ ਦੀ ਹਾਈਕਮਾਨ ਨਾਲ ਕੋਈ ਡੀਲ ਨਹੀਂ ਹੋਈ ਹੈ। ਪਾਰਟੀ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੇਗੀ, ਉਹ ਉਸ ਨੂੰ ਨਿਭਾਉਣਗੇ।
ਕੇ. ਪੀ. ਨੇ ਕਿਹਾ ਕਿ ਟਿਕਟ ਕੱਟਦੀ ਹੈ ਤਾਂ ਨਿਰਾਸ਼ਾ ਤਾਂ ਹੁੰਦੀ ਹੀ ਹੈ। ਮੈਨੂੰ, ਮੇਰੇ ਪਰਿਵਾਰ ਅਤੇ ਸਮਰਥਕਾਂ ਵਿਚ ਟਿਕਟ ਨਾ ਮਿਲਣ 'ਤੇ ਪੈਦਾ ਹੋਏ ਰੋਸ ਤੋਂ ਹਾਈਕਮਾਨ ਅਤੇ ਕੈਪਟਨ ਅਮਰਿੰਦਰ ਨੂੰ ਜਾਣੂ ਕਰਵਾ ਦਿੱਤਾ ਹੈ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਪਾਰਟੀ ਲਈ ਕੰਮ ਕਰਦੇ ਰਹਿਣ ਨੂੰ ਕਿਹਾ ਹੈ। ਹੁਣ ਉਹ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਪ੍ਰਚਾਰ ਕਰ ਕੇ ਕਾਂਗਰਸ ਦੇ ਮਿਸ਼ਨ 13 ਨੂੰ ਸਫਲ ਬਣਾਉਣਗੇ।


ਆਦਮਪੁਰ ਵਿਧਾਨ ਸਭਾ ਹਲਕੇ 'ਤੇ ਚੰਦਨ ਗਰੇਵਾਲ ਨੂੰ ਮੁਖੀ ਬਣਾਉਣ ਦੀ ਚਰਚਾ 'ਤੇ ਕੇ. ਪੀ. ਨੇ ਕਿਹਾ ਕਿ ਉਹ ਆਦਮਪੁਰ 'ਚ ਵੀ ਕੰਮ ਕਰਨਗੇ, ਕੁਝ ਲੋਕਾਂ ਨੂੰ ਲੱਗਦਾ ਸੀ ਕਿ ਮੈਂ ਆਜ਼ਾਦ, ਅਕਾਲੀ ਦਲ ਜਾਂ ਭਾਜਪਾ ਵੱਲੋਂ ਚੋਣਾਂ ਲੜਾਂਗਾ ਅਤੇ ਖਾਲੀ ਹੋਏ ਹਲਕੇ 'ਤੇ ਕਿਸੇ ਹੋਰ ਨੂੰ ਐਡਜਸਟ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਫੈਸਲਿਆਂ ਤੋਂ ਨਾਰਾਜ਼ ਹੋਏ ਅਤੇ ਘਰ 'ਚ ਬੈਠੇ ਟਕਸਾਲੀ ਕਾਂਗਰਸੀ ਆਗੂਆਂ ਨਾਲ ਮਿਲ ਕੇ ਉਨ੍ਹਾਂ ਨੂੰ ਬਾਹਰ ਕੱਢਾਂਗੇ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਮੈਨੂੰ ਸੂਬਾ ਪ੍ਰਧਾਨ, ਮੰਤਰੀ, ਸੰਸਦ ਮੈਂਬਰ ਅਤੇ ਸੀ. ਡਬਲਿਊ. ਸੀ. ਦਾ ਮੈਂਬਰ ਬਣਾਇਆ ਹੈ, ਜਿਸ ਲਈ ਉਹ ਪਾਰਟੀ ਦੇ ਧੰਨਵਾਦੀ ਹਨ। 2014 ਦੀਆਂ ਚੋਣਾਂ 'ਚ ਪਾਰਟੀ ਹਾਈਕਮਾਨ ਨੇ ਮੇਰੇ ਪ੍ਰਭਾਵ ਨੂੰ ਦੇਖਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਸੀਟ ਤੋਂ ਕਾਂਗਰਸ ਸਵਾ ਲੱਖ ਵੋਟਾਂ ਨਾਲ ਹਾਰੀ ਸੀ, ਇਸ ਕਾਰਨ ਤੁਸੀਂ ਉਥੋਂ ਚੋਣਾਂ ਲੜੋ। ਮੈਂ ਪਾਰਟੀ ਦਾ ਹੁਕਮ ਮੰਨਿਆ ਅਤੇ ਹਾਰ ਨੂੰ ਸਵਾ ਲੱਖ ਤੋਂ 13 ਹਜ਼ਾਰ ਤੱਕ ਸੀਮਤ ਕਰ ਦਿੱਤਾ।
ਇਸ ਦੌਰਾਨ ਕੇ. ਪੀ. ਦੇ ਨਿਵਾਸ 'ਤੇ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਕਰਨ ਵਾਲਿਆਂ 'ਚ ਸਾਬਕਾ ਵਿਧਾਇਕ ਜਗਬੀਰ ਬਰਾੜ, ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਲਾਲੀ, ਜ਼ਿਲਾ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਦਲਜੀਤ ਆਹਲੂਵਾਲੀਆ, ਮੁੱਖ ਮੰਤਰੀ ਦੇ ਸਾਬਕਾ ਓ. ਐੱਸ. ਡੀ. ਸੋਨੂੰ ਢੇਸੀ, ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਅਸ਼ਵਨ ਭੱਲਾ, ਸਾਬਕਾ ਮੰਤਰੀ ਕੰਵਲਜੀਤ ਲਾਲੀ, ਅੰਮ੍ਰਿਤ ਖੋਸਲਾ, ਸੂਬਾ ਕਾਂਗਰਸ ਸਕੱਤਰ ਮਨੋਜ ਅਗਰਵਾਲ, ਬਲਵੀਰ ਚੌਹਾਨ, ਕੌਂਸਲਰ ਬਲਰਾਜ ਠਾਕੁਰ, ਕੌਂਸਲਰ ਰੋਹਨ ਸਹਿਗਲ, ਅਮਰੀਕ ਬਾਗੜੀ, ਮੁਨੀਸ਼ ਮਹਿੰਦਰੂ, ਸੰਦੀਪ ਖੋਸਲਾ, ਭੁਪੇਸ਼ ਸੁਗੰਧ ਅਤੇ ਹੋਰ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਕੇ. ਪੀ. ਲੋਕ ਸਭਾ ਹਲਕਾ ਜਲੰਧਰ ਸੀਟ ਤੋਂ ਕਾਂਗਰਸ ਵੱਲੋਂ ਸੰਤੋਖ ਸਿੰਘ ਚੌਧਰੀ ਨੂੰ ਟਿਕਟ ਦੇਣ 'ਤੇ ਨਾਰਾਜ਼ ਚੱਲ ਰਹੇ ਸਨ। ਉਨ੍ਹਾਂ ਨੂੰ ਮਨਾਉਣ ਲਈ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਸੰਤੋਖ ਸਿੰਘ ਚੌਧਰੀ ਸਮੇਤ ਕਾਂਗਰਸ ਦੇ ਕਈ ਸੀਨੀਅਰ ਲੀਡਰ ਵੀ ਪਹੁੰਚੇ ਸਨ, ਜੋ ਕੇ. ਪੀ. ਨੂੰ ਮਨਾਉਣ 'ਚ ਅਸਫਲ ਰਹੇ ਸਨ।

shivani attri

This news is Content Editor shivani attri