ਚੋਣਾਂ ਆਖਰੀ ਪੜਾਅ 'ਚ, ਉਮੀਦਵਾਰਾਂ ਦੀ ਚੋਣ 'ਚ ਲੱਗੇਗਾ ਸਮਾਂ : ਕੈਪਟਨ ਅਮਰਿੰਦਰ ਸਿੰਘ

03/17/2019 5:12:32 PM

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ 'ਚ ਲੋਕ ਸਭਾ ਦੀਆਂ 13 ਸੀਟਾਂ ਲਈ ਵੋਟਾਂ ਆਖਰੀ ਪੜਾਅ ਅਧੀਨ 19 ਮਈ ਨੂੰ ਪੈਣੀਆਂ ਹਨ। ਇਸ ਲਈ ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਦੀ ਚੋਣ ਕਰਨ 'ਚ ਕੁਝ ਸਮਾਂ ਲੱਗ ਸਕਦਾ ਹੈ। ਮੁੱਖ ਮੰਤਰੀ ਨੇ ਸੰਕੇਤ ਦਿੱਤਾ ਕਿ ਕੇਂਦਰੀ ਚੋਣ ਕਮੇਟੀ ਇਸ ਸਮੇਂ ਉਨ੍ਹਾਂ ਸੁਬਿਆਂ ਨੂੰ ਲੈ ਕੇ ਰੁੱਝੀ ਹੋਈ ਹੈ, ਜਿੱਥੇ ਪਹਿਲੇ ਤੋਂ ਛੇਵੇਂ ਪੜਾਅ 'ਚ ਪੋਲਿੰਗ ਹੋਣੀ ਹੈ। ਕਾਂਗਰਸ ਢੁੱਕਵੇਂ ਸਮੇਂ 'ਤੇ ਆਪਣੇ ਉਮੀਦਵਾਰ ਸਾਹਮਣੇ ਲਿਆਏਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਇਕੋ-ਇਕ ਏਜੰਡਾ ਮਿਸ਼ਨ -13 ਨੂੰ ਹਾਸਲ ਕਰਨਾ ਹੈ। ਕਾਂਗਰਸ ਦਾ ਮੁੱਖ ਮੁਕਾਬਲਾ ਅਕਾਲੀ-ਭਾਜਪਾ ਗੱਠਜੋੜ ਨਾਲ ਹੈ ਅਤੇ ਪਾਰਟੀ ਸਭ 13 ਸੀਟਾਂ 'ਤੇ ਮਜ਼ਬੂਤ ਉਮੀਦਵਾਰ ਉਤਾਰੇਗੀ। ਇਹ ਚੋਣ ਕੌਮੀ ਮੁੱਦਿਆਂ ਦੇ ਨਾਲ-ਨਾਲ ਪੰਜਾਬ 'ਚ ਮੌਜੂਦ ਕਾਂਗਰਸ ਸਰਕਾਰ ਵੱਲੋਂ 2 ਸਾਲਾਂ 'ਚ ਕਰਵਾਏ ਗਏ ਕੰਮਾਂ ਦੇ ਆਧਾਰ 'ਤੇ ਲੜੀ ਜਾ ਰਹੀ ਹੈ। ਕਾਂਗਰਸ ਦੀ ਸਕ੍ਰੀਨਿੰਗ ਕਮੇਟੀ ਆਪਣੀਆਂ ਕੁਝ ਬੈਠਕਾਂ ਕਰ ਚੁੱਕੀ ਹੈ ਅਤੇ ਇਨ੍ਹਾਂ ਬੈਠਕਾਂ ਦੌਰਾਨ ਸਾਰੀਆਂ 13 ਸੀਟਾਂ 'ਤੇ ਚਰਚਾ ਹੋਈ ਹੈ। 


ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਚੋਣ ਲੜਨ ਜਾਂ ਨਾ ਲੜਨ ਬਾਰੇ ਉਨ੍ਹਾਂ ਕਿਹਾ ਕਿ ਉਹ ਅਤੇ ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਡਾ. ਮਨਮੋਹਨ ਸਿੰਘ ਨੂੰ ਇਸ ਲਈ ਮਿਲੇ ਸਨ ਤਾਂ ਜੋ ਪੰਜਾਬ 'ਚ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਅਤੇ ਆਉਣ ਵਾਲੇ ਸਮੇਂ 'ਚ ਕਾਂਗਰਸ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਜਾ ਸਕੇ। ਮਨਮੋਹਨ ਸਿੰਘ ਨੇ ਵੀ ਪੰਜਾਬ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਚੁੱਕੇ ਗਏ ਕਦਮਾਂ ਅਤੇ ਕਿਸਾਨਾਂ ਅਤੇ ਉਦਮੀਆਂ ਲਈ ਕੀਤੇ ਗਏ ਕੰਮਾਂ 'ਤੇ ਆਪਣੀ ਤਸੱਲੀ ਪ੍ਰਗਟਾਈ। ਮੁੱਖ ਮੰਤਰੀ ਨੇ ਕਿਹਾ ਕਿ ਜੇ ਮਨਮੋਹਨ ਸਿੰਘ ਪੰਜਾਬ ਤੋਂ ਚੋਣ ਲੜਦੇ ਹਨ ਤਾਂ ਹਰ ਪੰਜਾਬੀ ਖੁਸ਼ ਹੋਵੇਗਾ। ਅਸਲ 'ਚ ਡਾ. ਮਨਮੋਹਨ ਸਿੰਘ ਦੀ ਸਿਹਤ ਠੀਕ ਨਹੀਂ  ਰਹਿੰਦੀ, ਜਿਸ ਕਾਰਨ ਉਹ ਚੋਣ ਲੜਨ ਦੇ ਇਛੁੱਕ ਨਹੀਂ ਹਨ। ਜਾਖੜ ਨੇ ਕਿਹਾ ਕਿ ਕਾਂਗਰਸ ਸਹੀ ਸਮੇਂ 'ਤੇ ਆਪਣੇ ਸਭ ਉਮੀਦਵਾਰ ਲੋਕਾਂ ਦੇ ਸਾਹਮਣੇ ਲਿਆਏਗੀ।


ਕਾਂਗਰਸ ਭਵਨ 'ਚ ਸ਼ਹੀਦ ਬੇਅੰਤ ਸਿੰਘ ਨੂੰ ਯਾਦ ਕੀਤਾ ਗਿਆ
ਕਾਂਗਰਸ ਭਵਨ ਚੰਡੀਗੜ੍ਹ 'ਚ ਸ਼ਨੀਵਾਰ ਸਵ. ਮੁੱਖ ਮੰਤਰੀ ਸ਼ਹੀਦ ਬੇਅੰਤ ਸਿੰਘ ਨੂੰ ਯਾਦ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾਈ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਾਂਗਰਸ ਭਵਨ ਵਿਖੇ ਸ਼ਹੀਦ ਬੇਅੰਤ ਸਿੰਘ ਦੇ ਬੁੱਤ ਅੱਗੇ ਸਿਰ ਝੁਕਾਅ ਕੇ ਨਮਨ ਕੀਤਾ ਅਤੇ ਬੇਅੰਤ ਸਿੰਘ ਵੱਲੋਂ ਸੂਬੇ 'ਚ ਅਮਨ-ਸ਼ਾਂਤੀ ਦੀ ਬਹਾਲੀ ਲਈ ਦਿੱਤੀ ਗਈ ਕੁਰਬਾਨੀ ਨੂੰ ਯਾਦ ਕੀਤਾ।

shivani attri

This news is Content Editor shivani attri