ਲੰਗਰ ਦੇ ਜੀ. ਐੱਸ. ਟੀ. ਨੂੰ ਲੈ ਕੇ ਟਵਿੱਟਰ ''ਤੇ ਉਲਝੇ ਕੈਪਟਨ ਤੇ ਹਰਸਿਮਰਤ ਬਾਦਲ

09/26/2019 7:04:27 PM

ਜਲੰਧਰ— ਲੰਗਰ 'ਤੇ ਜੀ. ਐੱਸ. ਟੀ. ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਦੀ ਖਿੱਚੋ-ਤਾਣ ਜਾਰੀ ਹੈ। ਸੋਸ਼ਲ ਮੀਡੀਆ 'ਤੇ ਉਲਝੇ ਦੋਵੇਂ ਸਿਆਸੀ ਦਿੱਗਜ ਇਕ-ਦੂਜੇ 'ਤੇ ਲਗਾਤਾਰ ਤੰਜ ਕੱਸਦੇ ਹੋਏ ਪੋਸਟਾਂ ਪਾ ਰਹੇ ਹਨ। ਬੀਤੇ ਦਿਨ ਹਰਸਿਮਰਤ ਕੌਰ ਬਾਦਲ ਵੱਲੋਂ ਕੈਪਟਨ ਦਾ ਵਿਅੰਗਾਤਮ ਰੂਪ 'ਚ ਧੰਨਵਾਦ ਕਰਦਿਆਂ ਪਾਈ ਗਈ ਪੋਸਟ ਦਾ ਕੈਪਟਨ ਨੇ ਮੋੜਵਾਂ ਜਵਾਬ ਦਿੱਤਾ ਹੈ। 

ਕੈਪਟਨ ਨੇ ਜਵਾਬ 'ਚ ਲਿਖਿਆ, ''ਹਰਸਿਮਰਤ ਕੌਰ ਬਾਦਲ ਤੁਹਾਡੀਆਂ ਜੋ ਲੰਗਰ ਉੱਤੇ ਲੱਗੇ ਜੀ. ਐੱਸ. ਟੀ. ਬਾਰੇ ਟਿੱਪਣੀਆਂ ਹਨ ਉਹ ਹਾਸੋਹੀਣੀਆਂ ਹਨ। ਮੈਂ ਇਕ ਵਾਰ ਫਿਰ ਤੁਹਾਡੇ ਲਈ ਇਹ ਗੱਲ ਦੋਹਰਾਉਂਦਾ ਹਾਂ ਕਿ ਕੇਂਦਰ ਵੱਲੋਂ ਨੋਟੀਫਿਕੇਸ਼ਨ ਪ੍ਰਾਪਤ ਕਰਨ ਵਾਲੇ ਦਾਅਵਿਆਂ ਦੇ ਸਾਰੇ ਪੈਸਿਆਂ ਨੂੰ ਵਾਪਸ ਕਰ ਦਿੱਤਾ ਗਿਆ ਹੈ। ਇਸ ਦੇ ਉਲਟ ਸਿਰਫ 57 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਤੁਸੀਂ ਉਨ੍ਹਾਂ ਕੋਲ ਜਾ ਕੇ ਕਿਉਂ ਨਹੀਂ ਪੁੱਛਦੇ? ਆਖਿਰਕਾਰ ਤੁਸੀਂ ਇਸ ਦਾ ਹਿੱਸਾ ਹੋ।''


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ 'ਤੇ ਪੋਸਟ ਪਾਈ ਸੀ, ਜਿਸ ਵਿਚ ਉਨ੍ਹਾਂ ਲਿਖਿਆ, ''ਧੰਨਵਾਦ ਕੈਪਟਨ ਅਮਰਿੰਦਰ ਜੀ, ਲੰਗਰ 'ਤੇ ਜੀ. ਐੱਸ. ਟੀ. ਦੀ 1.96 ਕਰੋੜ ਦੀ ਰਕਮ ਦੀ ਪਹਿਲੀ ਕਿਸ਼ਤ ਜਾਰੀ ਕਰਕੇ ਮੈਨੂੰ ਸਹੀ ਸਾਬਤ ਕਰਨ ਲਈ ਪਰ ਤੁਹਾਨੂੰ ਦੱਸ ਦਿਆਂ ਕਿ ਕੁੱਲ 3.27 ਕਰੋੜ ਦੀ ਰਕਮ ਬਕਾਇਆ ਹੈ। ਸੋ ਸਿੱਖਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਘੁਰੂ ਘਰ ਦੀ ਬਾਕੀ ਰਕਮ ਵੀ ਤੁਰੰਤ ਵਾਪਸ ਕਰੋ।''
ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਦੋਵੇਂ ਉਸ ਵੇਲੇ ਉਲਝ ਗਏ, ਜਦੋਂ ਕੇਂਦਰੀ ਮੰਤਰੀ ਅਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕੀਤਾ ਕਿ ਉਹ ਲੰਗਰ 'ਤੇ ਲੱਗਾ 4 ਕਰੋੜ ਦਾ ਜੀ. ਐੱਸ. ਟੀ. ਵਾਪਸ ਕਰਨ ਸਬੰਧੀ ਦਸਤਾਵੇਜ ਵਿਖਾਉਣ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਪੋਸਟ ਵਾਰ ਸ਼ੁਰੂ ਹੋ ਗਈ। ਹਰਸਮਿਰਤ ਕੌਰ ਬਾਦਲ ਅਤੇ ਕੈਪਟਨ ਵਿਚਾਲੇ ਇਹ ਕਾਟੋ-ਕਲੇਸ਼ ਕੋਈ ਨਵੀਂ ਗੱਲ ਨਹੀਂ। ਅਕਸਰ ਦੋਵੇਂ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਪੰਗਾ ਲਈ ਰੱਖਦੇ ਹਨ। 

shivani attri

This news is Content Editor shivani attri