ਧਰੀ ਧਰਾਈ ਰਹਿ ਗਈ ਕੈਪਟਨ ਅਮਰਿੰਦਰ ਸਿੰਘ ਦੀ ਇਹ ਪਲਾਨਿੰਗ

10/06/2021 11:33:35 AM

ਜਲੰਧਰ (ਜਗ ਬਾਣੀ ਟੀਮ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਦੇਣ ਤੋਂ ਕੁਝ ਹੀ ਦਿਨ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਉਸ ਪਿੱਛੋਂ ਇਕ ਚਰਚਾ ਸ਼ੁਰੂ ਹੋ ਗਈ ਸੀ ਕਿ ਕੈਪਟਨ ਭਾਜਪਾ ’ਚ ਜਾ ਸਕਦੇ ਹਨ। ਕੈਪਟਨ ਭਾਜਪਾ ’ਚ ਜਾ ਰਹੇ ਹਨ ਜਾਂ ਨਹੀਂ, ਇਹ ਦੋ ਵੱਖ-ਵੱਖ ਗੱਲਾਂ ਹਨ ਪਰ ਉਨ੍ਹਾਂ ਦੀ ਇਸ ਜਲਦਬਾਜ਼ੀ ਨੇ ਉਨ੍ਹਾਂ ਦੀ ਪਲਾਨਿੰਗ ’ਤੇ ਪਾਣੀ ਫੇਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ ’ਚ ਲਗਭਗ ਸਾਢੇ ਚਾਰ ਸਾਲ ਮੁੱਖ ਮੰਤਰੀ ਰਹੇ ਅਤੇ ਹੁਣ ਸੂਬੇ ’ਚ ਨਵੀਂ ਪਾਰਟੀ ਬਣਾ ਕੇ ਭਾਜਾਪ ਦੀ ਹਮਾਇਤ ਨਾਲ ਸੱਤਾ ’ਚ ਆਉਣ ਦੀ ਤਿਆਰੀ ਕਰ ਰਹੇ ਹਨ।

ਇਹ ਵੀ ਪੜ੍ਹੋ : ਜਲੰਧਰ: 8 ਮਹੀਨਿਆਂ ਦੇ ਬੱਚੇ ਦੀ ਮੌਤ ਤੋਂ ਬਾਅਦ ਭਿੜੇ ਦਾਦਕੇ ਤੇ ਨਾਨਕੇ, ਮੁਰਦਾ ਘਰ ’ਚ ਕੀਤਾ ਹੰਗਾਮਾ

ਇਸ ਦੌਰਾਨ ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਨੇ ਕੈਪਟਨ ਦੀ ਯੋਜਨਾ ਨੂੰ ਫਲਾਪ ਕਰ ਦਿੱਤਾ ਹੈ। ਪੂਰੇ ਦੇਸ਼ ਦੀ ਨਜ਼ਰ ਇਸ ਸਮੇਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਖੇਤਰ ’ਤੇ ਹੈ, ਜਿੱਥੇ ਕਿਸਾਨਾਂ ਨਾਲ ਸਬੰਧਤ ਇਕ ਵੱਡਾ ਮੁੱਦਾ ਅੱਜਕਲ ਚਰਚਾ ’ਚ ਹੈ। ਇਸ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੱਕ ਭਾਜਪਾ ਨੂੰ ਘੇਰਣ ’ਚ ਲੱਗੇ ਹੋਏ ਹਨ। ਅਜਿਹੀ ਹਾਲਤ ਵਿਚ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹੋਏ ਵੀ ਕੁਝ ਨਹੀਂ ਬੋਲ ਰਹੇ ਕਿਉਂਕਿ ਇਕ ਪਾਸੇ ਕਿਸਾਨ ਹਨ ਅਤੇ ਦੂਜੇ ਪਾਸੇ ਭਾਜਪਾ ਹੈ। ਨਾ ਤਾਂ ਉਹ ਕਿਸਾਨਾਂ ਨਾਲ ਵਿਗਾੜ ਪਾ ਰਹੇ ਹਨ ਅਤੇ ਨਾ ਹੀ ਭਾਜਪਾ ਦੇ ਨਾਲ ਖੜ੍ਹੇ ਹੋ ਰਹੇ ਹਨ।  ਕਿਸਾਨਾਂ ਦੇ ਮਸਲੇ ਨੂੰ ਲੈ ਕੇ ਕੈਪਟਨ ਦੇ ਕਰੀਬੀ ਲੋਕ ਹੀ ਸੋਸ਼ਲ ਮੀਡੀਆ ’ਤੇ ਹੁਣ ਕਿਸਾਨਾਂ ਦੇ ਮਸੀਹਾ ਵਜੋਂ ਕੈਪਟਨ ਨੂੰ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਰਨ ਇਹ ਹੈ ਕਿ ਉਨ੍ਹਾਂ ਦੇ ਮੂੰਹ ਵਿਚੋਂ ਨਿਕਲੇ ਕੁਝ ਸ਼ਬਦ ਭਾਜਪਾ ਲਈ ਗੈਰ ਪਸੰਦ ਵਾਲੇ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਬਣੀ ਬਣਾਈ ਖੇਡ ਵਿਗੜ ਸਕਦੀ ਹੈ।

ਟੀਮ ਕਿਵੇਂ ਬਣਾਉਂਗੇ ਕੈਪਟਨ?
ਪੰਜਾਬ ’ਚ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਸਿੱਧਾ ਚੈਲੇਂਜ ਕਰ ਚੁੱਕੇ ਹਨ ਕਿ ਉਹ ਸੂਬੇ ’ਚ ਉਨ੍ਹਾਂ ਵਿਰੁੱਧ ਉਮੀਦਵਾਰ ਉਤਾਰਣਗੇ ਅਤੇ ਉਨ੍ਹਾਂ ਨੂੰ ਕਿਤੇ ਵੀ ਜਿੱਤਣ ਨਹੀਂ ਦੇਣਗੇ। ਹੁਣ ਸਵਾਲ ਇਹ ਹੈ ਕਿ ਜਦੋਂ ਕੈਪਟਨ ਦੇ ਕਰੀਬੀ ਲੋਕ ਹੀ ਉਨ੍ਹਾਂ ਦਾ ਸਾਥ ਛੱਡ ਕੇ ਸਿੱਧੂ ਦੇ ਨੇੜੇ ਹੁੰਦੇ ਜਾ ਰਹੇ ਹਨ ਤਾਂ ਫਿਰ ਕੈਪਟਨ ਟੀਮ ਕਿਥੋਂ ਬਣਾਉਂਗੇ? ਹੁਣੇ ਜਿਹੇ ਹੀ ਲਖੀਮਪੁਰ ਖੀਰੀ ਮਾਮਲੇ ’ਚ ਵੀ ਕੈਪਟਨ ਦੇ ਕੁਝ ਕਰੀਬੀ ਲੋਕਾਂ ਨੂੰ ਸਿੱਧੂ ਦੇ ਕੋਲ ਬੈਠ ਕੇ ਵਿਖਾਵੇ ਕਰਦੇ ਵੇਖਿਆ ਗਿਆ।

ਇਹ ਵੀ ਪੜ੍ਹੋ : ਸਿੱਧੂ ਦੀ ਨਾਰਾਜ਼ਗੀ ਬਰਕਰਾਰ, AG ਤੇ DGP ਦੀ ਨਿਯੁਕਤੀ ਨੂੰ ਲੈ ਕੇ ਮੁੜ ਕੀਤਾ ਧਮਾਕੇਦਾਰ ਟਵੀਟ

ਕੁਝ ਲੋਕ ਸੋਚ ਰਹੇ ਹਨ ਕਿ ਇਹ ਆਖਿਰ ਬਣੀ ਬਣਾਈ ਖੇਡ ਹੈ ਕੀ? ਅਸਲ ’ਚ ਕੈਪਟਨ ਅਮਰਿੰਦਰ ਸਿੰਘ ਦੇ ਹੀ ਕੁਝ ਕਰੀਬੀ ਲੋਕਾਂ ਵਿਰੁੱਧ ਈ. ਡੀ. ਦੇ ਮਾਮਲੇ ਚੱਲ ਰਹੇ ਹਨ। ਈ. ਡੀ. ਸਿੱਧੇ ਤੌਰ ’ਤੇ ਕੇਂਦਰ ਦੇ ਅਧੀਨ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਅਮਿਤ ਸ਼ਾਹ ਨਾਲ ਮਿਲਣਾ ਵੀ ਆਪਣੇ ਖ਼ਾਸ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਸੀ। ਸ਼ਾਇਦ ਇਹੀ ਕਾਰਨ ਹੈ ਕਿ ਕੈਪਟਨ ਹੁਣ ਭਾਜਪਾ ਵਿਰੁੱਧ ਮੂੰਹ ਖੋਲ੍ਹਣ ਤੋਂ ਕਤਰਾ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri