ਕੈਪਟਨ ਅਮਰਿੰਦਰ ਸਿੰਘ ਦਾ ਨਵਜੋਤ ਸਿੱਧੂ ਨੂੰ ਇਕ ਹੋਰ ਝਟਕਾ

06/09/2019 6:44:33 PM

ਚੰਡੀਗੜ੍ਹ : ਸਥਾਨਕ ਸਰਕਾਰਾਂ ਵਿਭਾਗ 'ਚੋਂ ਛੁੱਟੀ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਇਕ ਹੋਰ ਝਟਕਾ ਦਿੱਤਾ ਹੈ। ਕੈਪਟਨ ਨੇ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਸਕੀਮਾਂ 'ਚ ਤੇਜ਼ੀ ਲਿਆਉਣ ਅਤੇ ਕੰਮ ਦਾ ਜਾਇਜ਼ਾ ਲੈਣ ਲਈ 8 ਸਲਾਹਕਾਰ ਗਰੁੱਪਾਂ ਦਾ ਗਠਨ ਕਰਨ ਦਾ ਹੁਕਮ ਦਿੱਤਾ ਹੈ ਜਿਨ੍ਹਾਂ ਵਿਚ ਹੋਰ ਸਾਰੇ ਮੰਤਰੀਆਂ ਸਮੇਤ ਕਈ ਵਿਧਾਇਕ ਵੀ ਸ਼ਾਮਲ ਹਨ ਪਰ ਨਵਜੋਤ ਸਿੱਧੂ ਦਾ ਨਾਮ ਇਨ੍ਹਾਂ ਵਿੱਚੋਂ ਗਾਇਬ ਹੈ। ਕੈਪਟਨ ਨੇ ਸਿੱਧੂ ਤੋਂ ਇਲਾਵਾ ਡਾਕਟਰੀ ਸਿੱਖਿਆ ਖੋਜ, ਸੁਤੰਤਰਤਾ ਸੈਨਾਨੀ ਤੇ ਫੂਡ ਪ੍ਰੋਸੈਸਿੰਗ ਵਿਭਾਗਾਂ ਦੇ ਮੰਤਰੀ ਓਪੀ ਸੋਨੀ ਨੂੰ ਵੀ ਕਿਸੇ ਗਰੁੱਪ ਵਿਚ ਨਾਮਜ਼ਦ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਸੋਨੀ ਕੋਲੋਂ ਪਹਿਲਾਂ ਵਾਤਾਵਰਣ ਵਿਭਾਗ ਵਾਪਸ ਲਿਆ ਸੀ ਅਤੇ ਹੁਣ ਸਿੱਖਿਆ ਵਿਭਾਗ ਵੀ ਖੋਹ ਲਿਆ ਹੈ।

ਇਨ੍ਹਾਂ 8 ਗਰੱਪਾਂ ਵਿਚ ਕੈਪਟਨ ਨੇ ਖੁਦ ਸ਼ਹਿਰੀ ਕਾਇਆਪਲਟ ਅਤੇ ਸੁਧਾਰ ਪ੍ਰੋਗਰਾਮਾਂ ਵਿਚ ਸੁਧਾਰ ਲਿਆਉਣ ਅਤੇ ਨਸ਼ਿਆਂ ਵਿਰੋਧੀ ਮੁਹਿੰਮ ਦਾ ਮੋਰਚਾ ਸੰਭਾਲਿਆ ਹੈ। ਇਹ ਗਰੁੱਪ ਸਕੀਮਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਦੇ ਨਾਲ ਇਨ੍ਹਾਂ ਸਬੰਧੀ ਅਨੁਮਾਨ ਵੀ ਲਾਉਣਗੇ ਤਾਂ ਜੋ ਇਨ੍ਹਾਂ ਵਿਚ ਅੱਗੇ ਹੋਰ ਸੁਧਾਰ ਲਈ ਸਿਫਾਰਸ਼ਾਂ ਕੀਤੀਆਂ ਜਾ ਸਕਣ। ਇਹ ਗਰੁੱਪ ਸਕੀਮਾਂ ਦੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿਚ ਸੋਧਾਂ ਸਬੰਧੀ ਵੀ ਸਿਫਾਰਸ਼ਾਂ ਦੇਣਗੇ। ਇਹ ਗਰੁੱਪ ਆਪਣੀਆਂ ਰਿਪੋਰਟਾਂ 4 ਹਫਤਿਆਂ ਵਿਚ ਮੁੱਖ ਮੰਤਰੀ ਕੋਲ ਪੇਸ਼ ਕਰਨਗੇ। ਇਨ੍ਹਾਂ ਗਰੁੱਪਾਂ ਦੀਆਂ ਰਿਪੋਰਟਾਂ 'ਤੇ ਜੁਲਾਈ ਮਹੀਨੇ ਮੰਤਰੀ ਮੰਡਲ ਦੀ ਹੋਣ ਵਾਲੀ ਮੀਟਿੰਗ ਦੌਰਾਨ ਵਿਚਾਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਆਪਣੇ ਪਿਛਲੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਗਰੀਬ ਪੱਖੀ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ ਪਰ ਵੱਖ-ਵੱਖ ਇਲਾਕਿਆਂ ਦੇ ਦੌਰੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਚੁਣੇ ਹੋਏ ਨੁਮਾਇੰਦਿਆਂ ਅਤੇ ਭਾਈਚਾਰਿਆਂ ਦੀ ਇਨ੍ਹਾਂ ਸਕੀਮਾਂ ਨੂੰ ਲਾਗੂ ਕਰਨ ਵਿਚ ਸ਼ਮੂਲੀਅਤ ਨੂੰ ਹੋਰ ਅਸਰਦਾਇਕ ਢੰਗ ਨਾਲ ਬਣਾਉਣ ਦੀ ਜ਼ਰੂਰਤ ਹੈ। 

ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਪਰਗਟ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਸੁਨੀਲ ਦੱਤੀ, ਅੰਮ੍ਰਿਤ ਵਿੱਜ, ਗੁਰਕੀਰਤ ਸਿੰਘ ਕੋਟਲੀ, ਸੁਰਿੰਦਰ ਕੁਮਾਰ ਡਾਵਰ ਅਤੇ ਡਾ. ਹਰਜੋਤ ਕਮਲ ਸਿੰਘ ਇਸ ਦੇ ਮੈਂਬਰ ਹੋਣਗੇ। ਨਸ਼ਿਆਂ ਸਬੰਧੀ ਸਲਾਹਕਾਰੀ ਗਰੁੱਪ ਦੇ ਵੀ ਮੁੱਖ ਮੰਤਰੀ ਮੁਖੀ ਹੋਣਗੇ ਜਦਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਡੀ.ਜੀ.ਪੀ ਦਿਨਕਰ ਗੁਪਤਾ ਅਤੇ ਏ.ਡੀ.ਜੀ.ਪੀ/ਐੱਸ.ਟੀ.ਐਫ. ਗੁਰਪ੍ਰੀਤ ਕੌਰ ਦਿਓ ਇਸ ਦੇ ਮੈਂਬਰ ਹੋਣਗੇ। ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫੀ ਸਬੰਧੀ ਸਲਾਹਕਾਰੀ ਗਰੁੱਪ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੇਅਰਮੈਨ ਜਦਕਿ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੈਂਬਰ ਬਣਾਇਆ ਗਿਆ ਹੈ।

ਵਿਆਪਕ ਸਿਹਤ ਬੀਮਾ ਸਬੰਧੀ ਗਰੁੱਪ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਚੇਅਰਮੈਨ ਹੋਣਗੇ ਜਦਕਿ ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਇਸ ਦੇ ਮੈਂਬਰ ਹੋਣਗੇ। ਘਰ-ਘਰ ਰੁਜ਼ਗਾਰ ਗਰੁੱਪ ਦਾ ਚੇਅਰਮੈਨ ਰੁਜ਼ਗਾਰ ਉਤਪਤੀ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਹੈ ਜਦਕਿ ਕਿਰਤ ਮੰਤਰੀ ਬਲਬੀਰ ਸਿੱਧੂ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਇਸ ਦੇ ਮੈਂਬਰ ਬਣਾਏ ਹਨ। ਖੁਰਾਕ ਸੁਰੱਖਿਆ – ਸਮਾਰਟ ਰਾਸ਼ਨ ਕਾਰਡਾਂ ਸਬੰਧੀ ਗਰੁੱਪ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਮੁਖੀ ਹੋਣਗੇ ਅਤੇ ਪੰਚਾਇਤ ਮੰਤਰੀ ਤ੍ਰਿਪਤ ਬਾਜਵਾ ਤੇ ਸਮਾਜਿਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਮੈਂਬਰ ਬਣਾਇਆ ਹੈ। ਦਿਹਾਤੀ ਵਿਕਾਸ – ਐਮ.ਜੀ.ਐਸ.ਵੀ.ਵਾਈ, ਐਸ.ਵੀ.ਸੀ, ਮਗਨਰੇਗਾ, ਦਿਹਾਤੀ ਮਕਾਨ ਉਸਾਰੀ ਸਬੰਧੀ ਗਰੁੱਪ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਬਾਜਵਾ ਚੇਅਰਮੈਨ ਹੋਣਗੇ ਜਦਕਿ ਭਲਾਈ ਮੰਤਰੀ ਧਰਮਸੋਤ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਇਸ ਦੇ ਮੈਂਬਰ ਹੋਣਗੇ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮਿਸ਼ਨ ਤੰਦਰੁਸਤ ਪੰਜਾਬ ਗਰੁੱਪ ਦੇ ਮੁਖੀ ਹੋਣਗੇ ਜਦਕਿ ਜੰਗਲਾਤ ਮੰਤਰੀ ਧਰਮਸੋਤ, ਜਲ ਸਰੋਤ ਮੰਤਰੀ ਸਰਕਾਰੀਆ, ਰਜ਼ੀਆ ਸੁਲਤਾਨਾ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਇਸ ਦੇ ਮੈਂਬਰ ਹੋਣਗੇ। ਸਾਰੇ ਗਰੁੱਪਾਂ ਵਿਚ ਵਿਧਾਇਕ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਸਰਕਾਰੀ ਅਧਿਕਾਰੀ ਵੀ ਮੈਂਬਰ ਹੋਣਗੇ। ਸ਼ਹਿਰੀ ਕਾਇਆਪਲਟ ਅਤੇ ਸੁਧਾਰ ਗਰੁੱਪ ਵਿਚ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਦੇ ਮੇਅਰ ਵੀ ਸ਼ਾਮਲ ਹੋਣਗੇ। ਖਾਸ ਗੱਲ ਇਹ ਹੈ ਕਿ ਇਨ੍ਹਾਂ ਗਰੁੱਪਾਂ ਵਿਚ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀ ਮੰਨੇ ਜਾਂਦੇ ਵਿਧਾਇਕ ਪਰਗਟ ਸਿੰਘ ਅਤੇ ਸੀਨੀਅਰ ਅਧਿਕਾਰੀਆਂ ਤੇ 4 ਮੇਅਰਾਂ ਨੂੰ ਵੀ ਸ਼ਾਮਲ ਕੀਤਾ ਗਿਆ।

Gurminder Singh

This news is Content Editor Gurminder Singh