ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗਿਆ ਇਕ ਹੋਰ ਮਹਿਕਮਾ, ਦਿੱਤਾ ਵੱਡਾ ਬਿਆਨ...

03/21/2017 1:47:05 PM

ਚੰਡੀਗੜ੍ਹ : ਕਾਂਗਰਸ ਵਲੋਂ ਸਿਰਫ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਨਾਉਣਾ ਨਵਜੋਤ ਸਿੱਧੂ ਨੂੰ ਖਟਕ ਰਿਹਾ ਹੈ। ਉਹ ਚਾਹੁੰਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਹਾਊਸਿੰਗ ਅਤੇ ਅਰਬਨ ਡਿਵਲਪਮੈਂਟ ਮਹਿਕਮਾ ਵੀ ਦੇਣ। ਸਥਾਨਕ ਸਰਕਾਰ ਵਿਭਾਗ ਦੇ ਸੀਨੀਅਰ ਅਫਸਰਾਂ ਨਾਲ ਮੀਟਿੰਗ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਦੋਵੇਂ ਮਹਿਕਮਿਆਂ ਨੂੰ ਇਕੱਠਾ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸੈਂਟਰ ''ਚ ਇਹ ਮਹਿਕਮਾ ਇਕ ਹੀ ਹੈ ਪਰ ਸੂਬਿਆਂ ''ਚ ਵੰਡ ਦਿੱਤਾ ਗਿਆ ਹੈ। ਇਨ੍ਹਾਂ ਮਹਿਕਮਿਆਂ ਨੂੰ ਵੱਖ-ਵੱਖ ਰੱਖ ਕੇ ਨਹੀਂ ਦੇਖਿਆ ਜਾ ਸਕਦਾ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਬਾਰੇ ਵਿਚਾਰ ਕਰਨ ਲਈ ਕਿਹਾ ਗਿਆ ਹੈ।
ਗੌਰਤਲਬ ਹੈ ਕਿ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਕੈਪਟਨ ਨੇ ਆਪਣੇ ਕੋਲ ਰੱਖਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਸਥਾਨਕ ਸਰਕਾਰ ਵਿਭਾਗੇ ਦੇ ਅਫਸਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪਹਿਲੀਆਂ ਦਸ ਜ਼ਰੂਰਤਾਂ ਕੀ ਹਨ? ਉਨ੍ਹਾਂ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ? ਇਸ ''ਤੇ ਪੂਰੀ ਰਿਪੋਰਟ ਬਣਾ ਕੇ ਦਿੱਤੀ ਜਾਵੇ। ਸਿੱਧੂ ਨੇ ਕਿਹਾ ਕਿ ਉਹ ਇਹ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਲੈ ਕੇ ਜਾਣਗੇ। ਆਖਰੀ ਫੈਸਲਾ ਤਾਂ ਉਨ੍ਹਾਂ ਨੇ ਹੀ ਲੈਣਾ ਹੈ।
ਉਥੇ ਹੀ ਸਿੱਧੂ ਨੇ ਕਿਹਾ ਕਿ ਲੋਕ ਟੈਕਸ ਦੇਣ ਲਈ ਤਿਆਰ ਹਨ ਪਰ ਉਨ੍ਹਾਂ ਨੂੰ ਸਹੂਲਤਾਂ ਦਿੱਤੀਆਂ ਜਾਣ। ਸਿੱਧੂ ਨੇ ਕਿਹਾ ਕਿ ਸਥਾਨਕ ਸਰਕਾਰ ਮਹਿਕਮਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ। ਮੈਂ ਚਾਹੁੰਦਾ ਹਾਂ ਕਿ ਛੋਟੀਆਂ-ਛੋਟੀਆਂ ਚੀਜ਼ਾਂ ਲਈ ਲੋਕਾਂ ਨੂੰ ਦਫਤਰਾਂ ਦੇ ਧੱਕੇ ਨਾ ਖਾਣੇ ਪੈਣ। ਅਜੇ ਤਕ ਵਿਭਾਗ ਈ-ਗਵਰਨੈਂਸ ਲਾਗੂ ਨਹੀਂ ਕਰ ਸਕਿਆ ਹੈ। ਸਿੱਧੂ ਨੇ ਕਿਹਾ ਕਿ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਕੇਂਦਰ ਸਰਕਾਰ ਨੇ ਸਮਾਰਟ ਸਿਟੀ ਪ੍ਰਾਜੈਕਟ ''ਚ ਲੈ ਲਿਆ ਹੈ। ਮੈਂ ਅਫਸਰਾਂ ਨੂੰ ਇਸ ਦੀ ਪ੍ਰਾਜੈਕਟ ਰਿਪੋਰਟ ਜਲਦ ਤੋਂ ਜਲਦ ਤਿਆਰ ਕਰਨ ਲਈ ਕਿਹਾ ਹੈ ਤਾਂ ਕਿ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਜਾ ਸਕੇ।

Gurminder Singh

This news is Content Editor Gurminder Singh