ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ 5 ਦਿਨੀਂ ਦੌਰੇ 'ਤੇ ਪਹੁੰਚੇ ਇਜ਼ਰਾਈਲ

10/22/2018 12:05:53 PM

ਤੇਲ ਅਵੀਵ/ਚੰਡੀਗੜ੍ਹ (ਭਾਸ਼ਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਦਿਨ ਦੀ ਯਾਤਰਾ ਦੌਰਾਨ ਐਤਵਾਰ ਸ਼ਾਮ ਇਜ਼ਰਾਈਲ ਪਹੁੰਚੇ। ਆਪਣੀ ਇਸ ਯਾਤਰਾ ਦੌਰਾਨ ਉਨ੍ਹਾਂ ਦਾ ਉਦੇਸ਼ ਖੇਤੀਬਾੜੀ, ਜੰਗਲਾਤ ਅਤੇ ਡੇਅਰੀ ਦੇ ਖੇਤਰ ਵਿਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਸਿੰਘ ਨਾਲ ਅਧਿਕਾਰੀਆਂ ਦਾ ਇਕ ਵਫਦ ਵੀ ਪਹੁੰਚਿਆ ਹੈ। ਸਿੰਘ ਖੇਤੀਬਾੜੀ, ਜੰਗਲਾਤ, ਡੇਅਰੀ ਅਤੇ ਦੂਸ਼ਿਤ ਪਾਣੀ ਦੀ ਸ਼ੁੱਧਤਾ ਦੇ ਖੇਤਰ ਵਿਚ ਕੰਮ ਕਰਨ ਵਾਲੀਆਂ ਵੱਖ-ਵੱਖ ਕੰਪਨੀਆਂ ਅਤੇ ਅਦਾਰਿਆਂ ਦਾ ਦੌਰਾ ਕਰਨਗੇ ਤਾਂ ਜੋ ਪੰਜਾਬ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਮੌਕਿਆਂ ਦਾ ਲਾਭ ਲਿਆ ਜਾ ਸਕੇ। ਨਾਲ ਹੀ ਉਹ ਪੰਜਾਬ ਦੀ ਅੰਦਰੂਨੀ ਸੁਰੱਖਿਆ ਮਜ਼ਬੂਤ ਬਣਾਉਣ ਦੇ ਲਿਹਾਜ ਨਾਲ ਵੀ ਇਜ਼ਰਾਇਲੀ ਅਧਿਕਾਰੀਆਂ ਨਾਲ ਚਰਚਾ ਕਰਨਗੇ।

 ਇਸ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਇਜ਼ਰਾਈਲ ਵੱਲੋਂ ਮਿਲਣ ਵਾਲੀਆਂ ਆਧੁਨਿਕ ਤਕਨੀਕਾਂ ਦਾ ਲਾਭ ਲੈਣਾ ਚਾਹੇਗੀ। ਇੱਥੇ ਮੰਗਲਵਾਰ ਨੂੰ 'ਪੰਜਾਬ ਵਿਚ ਨਿਵੇਸ਼ ਦੇ ਮੌਕੇ' ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ। ਇਸ ਦਾ ਉਦੇਸ਼ ਇਜ਼ਰਾਈਲ ਤੋਂ ਪੰਜਾਬ ਵਿਚ ਨਿਵੇਸ਼ ਆਕਰਸ਼ਿਤ ਕਰਨਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਖੇਤੀ ਦੇ ਖੇਤਰ ਵਿਚ ਸਹਿਯੋਗ ਲਈ ਤੇਲ ਅਵੀਵ ਯੂਨੀਵਰਸਿਟੀ ਅਤੇ ਗੈਲਿਲੀ ਇੰਸਟੀਚਿਊਟ ਨਾਲ ਸਹਿਮਤੀ ਪੱਤਰਾਂ 'ਤੇ ਦਸਤਖਤ ਕਰੇਗਾ। ਉੱਥੇ ਦੇਸ਼ ਦੀ ਯਾਤਰਾ 'ਤੇ ਆਇਆ ਵਫਦ ਪਾਣੀ ਦੀ ਸੰਭਾਲ ਦੇ ਖੇਤਰ ਵਿਚ ਇਕ ਸਹਿਮਤੀ ਪੱਤਰ 'ਤੇ ਦਸਤਖਤ ਕਰੇਗਾ। ਸਿੰਘ ਲਗਾਤਾਰ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਪੰਜਾਬ ਦੇ ਕਿਸਾਨਾਂ ਨੂੰ ਸਿਰਫ ਝੋਨੇ ਅਤੇ ਕਣਕ ਦੀ ਖੇਤੀ ਨਾ ਕਰ ਕੇ ਸਗੋਂ ਫਸਲਾਂ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ। ਉਨ੍ਹਾਂ ਨੂੰ ਰਾਜ ਦੇ ਲਗਾਤਾਰ ਡਿੱਗਦੇ ਪਾਣੀ ਦੇ ਪੱਧਰ ਨੂੰ ਧਿਆਨ ਵਿਚ ਰੱਖਦਿਆਂ ਡ੍ਰਿਪ ਇਰੀਗੇਸ਼ਨ (ਬੂੰਦਾਂ ਜ਼ਰੀਏ ਹੋਣ ਵਾਲੀ ਸਿੰਚਾਈ) ਅਤੇ ਹਾਈਡ੍ਰੋਪੋਨਿਕਸ 'ਤੇ ਧਿਆਨ ਦੇਣਾ ਚਾਹੀਦਾ ਹੈ। 

ਆਪਣੀ ਯਾਤਰਾ ਤੋਂ ਪਹਿਲਾਂ ਇਜ਼ਰਾਇਲੀ ਵਫਦ ਨਾਲ ਹੋਈ ਮੁਲਾਕਾਤ ਵਿਚ ਸਿੰਘ ਨੇ ਡੇਅਰੀ ਦੇ ਖੇਤਰ ਵਿਚ ਇਜ਼ਰਾਇਲੀ ਤੌਰ-ਤਰੀਕੇ ਅਪਨਾਉਣ ਵਿਚ ਦਿਲਚਸਪੀ ਦਿਖਾਈ ਸੀ। ਪੰਜਾਬ ਖੱਟੇ ਫੱਲਾਂ ਦੇ ਉਤਪਾਦਨ ਅਤੇ ਉਨ੍ਹਾਂ ਦੀ ਗੁਣਵੱਤਾ ਵਧਾਉਣ ਵਿਚ ਇਜ਼ਰਾਈਲ ਦੀ ਮਦਦ ਚਾਹੁੰਦਾ ਹੈ। ਪੰਜਾਬ ਪਹਿਲਾਂ ਹੀ ਦੇਸ਼ ਵਿਚ 'ਕੀਨੂ' ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਹੁਣ ਉਹ ਮਿੱਠੇ ਸੰਤਰਿਆਂ ਦੀ ਬਾਗਵਾਨੀ ਵੀ ਕਰਨੀ ਚਾਹੁੰਦਾ ਹੈ। ਬਾਜ਼ਾਰ ਵਿਚ ਮਿੱਠੇ ਸੰਤਰਿਆਂ ਦੀ ਮੰਗ ਅਤੇ ਕੀਮਤਾਂ ਦੋਵੇਂ ਚੰਗੀਆਂ ਹਨ। ਸਿੰਘ ਦੀ ਅਗਵਾਈ ਵਾਲੇ ਵਫਦ ਦੇ ਸਾਹਮਣੇ ਅੰਦਰੂਨੀ ਸੁਰੱਖਿਆ ਦੇ ਸਬੰਧ ਵਿਚ ਇਜ਼ਰਾਇਲੀ ਮੁਹਾਰਤ 'ਤੇ ਇਕ ਪੇਸ਼ਕਾਰੀ ਦਿੱਤੀ ਜਾਵੇਗੀ ਅਤੇ ਯਾਤਰਾ ਦੌਰਾਨ ਉਹ ਇਜ਼ਰਾਇਲ ਦੀ ਵੱਡੀ ਸੁਰੱਖਿਆ ਕੰਪਨੀ ਦੀ ਅਕੈਡਮੀ ਦਾ ਦੌਰਾ ਵੀ ਕਰਨਗੇ। ਮੁੱਖ ਮੰਤਰੀ ਦੇ ਪ੍ਰੋਗਰਾਮ ਵਿਚ ਇਜ਼ਰਾਈਲ ਦੇ ਰਾਸ਼ਟਰਪਤੀ ਰੂਵੇਨ ਰਿਵਲਿਨ, ਖੇਤੀ ਬਾੜੀ ਮੰਤਰੀ ਉਰੀ ਏਰੀਯਨ ਅਤੇ ਊਰਜਾ ਤੇ ਜਲ ਸਰੋਤ ਮੰਤਰੀ ਯੁਵਾਲ ਸਟੇਨਿਤਜ਼ ਨਾਲ ਮਿਲਣਾ ਸ਼ਾਮਲ ਹੈ। ਉਹ ਹਾਈਫਾ ਦੀ ਆਜ਼ਾਦੀ ਲਈ ਸਾਲ 1918 ਵਿਚ ਹੋਈ ਲੜਾਈ ਦੌਰਾਨ ਸ਼ਹੀਦ ਹੋਏ ਭਾਰਤੀ ਫੌਜੀਆਂ ਦੀ ਸਮਾਧੀ 'ਤੇ ਵੀ ਜਾਣਗੇ।