ਸੁਖਬੀਰ ਨੇ ਨਹੀਂ ਮੰਨੀ ਕੈਪਟਨ ਦੀ ਅਪੀਲ, ਖਿੱਚੀ ਮਾਘੀ ਕਾਨਫਰੰਸ ਦੀ ਤਿਆਰੀ

01/05/2019 6:43:26 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਘੀ ਮੇਲੇ 'ਤੇ ਸਿਆਸੀ ਕਾਨਫਰੰਸ ਨਾ ਕਰਨ ਦੀ ਅਪੀਲ ਨੂੰ ਦਰਕਿਨਾਰ ਕਰਕੇ ਸ਼੍ਰੋਮਣੀ ਅਕਾਲੀ ਦਲ ਮਾਘੀ ਕਾਨਫ਼ਰੰਸ ਕਰਨ ਜਾ ਰਿਹਾ ਹੈ। ਇਸ ਬਾਬਤ ਸੁਖਬੀਰ ਸਿੰਘ ਬਾਦਲ ਵਲੋਂ ਬਕਾਇਦਾ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਘੀ ਕਾਨਫ਼ਰੰਸ ਵਿਚ ਵੱਡਾ ਇਕੱਠ ਕਰਨ ਲਈ ਹਲਕਾ ਵਾਈਜ਼ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਸ਼ਨੀਵਾਰ ਨੂੰ ਸੁਖਬੀਰ ਨੇ ਮੁਕਤਸਰ ਦੇ ਨਾਰਾਇਣਗੜ੍ਹ ਪੈਲੇਸ 'ਚ ਅਕਾਲੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਸੁਖਬੀਰ ਬਾਦਲ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਨਵੇਂ ਉਮੀਦਵਾਰ ਬਾਰੇ ਆਗੂਆਂ ਦਾ ਮਸ਼ਵਰਾ ਵੀ ਜਾਣ ਰਹੇ ਹਨ। ਬਾਦਲ ਮਾਘੀ ਕਾਨਫ਼ਰੰਸ ਰਾਹੀਂ ਆਪਣੀ ਸਿਆਸੀ ਪੈਂਠ ਮਾਪਣਾ ਚਾਹੁੰਦੇ ਹਨ ਕਿਉਂਕਿ ਪਿਛਲੇ ਸਮੇਂ ਤੋਂ ਅਕਾਲੀ ਦਲ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਸ਼ੁੱਕਰਵਾਰ ਨੂੰ ਵੀ ਸੁਖਬੀਰ ਬਾਦਲ ਨੇ ਗਿੱਦੜਬਾਹਾ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਗਿੱਦੜਬਾਹਾ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ। ਸੁਖਬੀਰ ਬਾਦਲ ਨੇ ਹਰ ਪਿੰਡ ਦੇ ਅਕਾਲੀ ਆਗੂ ਨੂੰ ਮਾਘੀ ਕਾਨਫ਼ਰੰਸ ਨੂੰ ਕਾਮਯਾਬ ਕਰਨ ਲਈ ਆਖਿਆ।
ਅਕਾਲੀ ਦਲ ਮਾਘੀ ਕਾਨਫ਼ਰੰਸ 'ਤੇ ਵੱਡਾ ਇਕੱਠ ਕਰਕੇ ਮੁੜ ਪੈਰਾਂ 'ਤੇ ਖੜ੍ਹਾ ਹੋਣ ਦੀ ਕੋਸ਼ਿਸ਼ ਵਿਚ ਹੈ। ਸੁਖਬੀਰ ਬਾਦਲ ਵਲੋਂ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਜਿੱਥੇ ਮਾਘੀ ਮੇਲੇ ਵਿਚ ਪੁੱਜਣ ਦੀ ਅਪੀਲ ਕੀਤੀ ਜਾ ਰਹੀ ਹੈ, ਉੱਥੇ ਹੀ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਿਸ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਨ ਦੀ ਵੀ ਸਲਾਹ ਲਈ ਜਾ ਰਹੀ ਹੈ। ਸੂਤਰਾਂ ਅਨੁਸਾਰ ਜਦੋਂ ਅਕਾਲੀ ਆਗੂਆਂ ਨੇ ਬੀਬੀ ਹਰਸਿਮਰਤ ਬਾਦਲ ਦਾ ਨਾਂ ਲਿਆ ਤਾਂ ਸੁਖਬੀਰ ਬਾਦਲ ਨੇ ਆਖਿਆ ਕਿ 'ਦੇਖਿਓ ਕਿਤੇ ਬਦਨਾਮੀ ਨਾ ਕਰਾ ਦਿਓ।' 
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਐੱਮ. ਡੀ. ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਮਲੋਟ ਰੋਡ 'ਤੇ 14 ਜਨਵਰੀ ਨੂੰ ਮਾਘੀ ਮੇਲੇ 'ਤੇ ਵੱਡੀ ਕਾਨਫ਼ਰੰਸ ਕੀਤੀ ਜਾ ਰਹੀ ਹੈ, ਜਿਸ ਦੀ ਤਿਆਰੀ ਲਈ ਮੀਟਿੰਗਾਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਭਲਕੇ ਸੁਖਬੀਰ ਬਾਦਲ ਵੱਲੋਂ ਮੁਕਤਸਰ ਹਲਕੇ ਵਿਚ ਮੀਟਿੰਗਾਂ ਕੀਤੀਆਂ ਜਾਣੀਆਂ ਹਨ।

Gurminder Singh

This news is Content Editor Gurminder Singh