ਰੈਫਰੈਂਡਮ 2020 ''ਤੇ ਆਪਣਾ ਸਟੈਂਡ ਸਪੱਸ਼ਟ ਕਰਨ ਕੇਜਰੀਵਾਲ : ਕੈਪਟਨ

06/16/2018 7:23:33 PM

ਚੰਡੀਗੜ੍ਹ (ਮਨਮੋਹਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਰੈਫਰੈਂਡਮ 2020 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਤੁਹਾਡੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਵਲੋਂ ਦਿੱਤੇ ਗਏ ਖਾਲਿਸਤਾਨੀ ਪੱਖੀ ਬਿਆਨ 'ਤੇ ਤੁਹਾਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। 


ਦਰਅਸਲ ਬੀਤੇ ਦਿਨੀਂ ਸੁਖਪਾਲ ਖਹਿਰਾ ਨੇ ਆਪਣੇ ਬਿਆਨ ਵਿਚ ਇਹ ਕਿਹਾ ਸੀ ਕਿ ਰੈਫਰੈਂਡਮ 2020 ਦੇ ਪਿੱਛੇ ਕਾਰਨ ਇਹ ਹੈ ਕਿ ਸਿੱਖਾਂ ਨੂੰ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਅਤੇ 1984 ਦੇ ਦੰਗਾ ਪੀੜਤਾ ਨੂੰ 34 ਸਾਲ ਬੀਤਣ ਦੇ ਬਾਵਜੂਦ ਵੀ ਇਨਸਾਫ ਨਹੀਂ ਮਿਲ ਰਿਹਾ। ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਦੌਰਾਨ ਜਿਹੜਾ ਸਾਮਾਨ ਗਾਇਬ ਹੋਇਆ ਸੀ, ਉਹ ਵੀ ਅਜੇ ਤਕ ਨਹੀਂ ਮਿਲਿਆ ਹੈ। ਖਹਿਰਾ ਨੇ ਕਿਹਾ ਕਿ ਇੰਗਲੈਂਡ ਦੇ ਇਕ ਜੱਜ ਨੇ ਪਾਰਲੀਮੈਂਟ ਨੂੰ ਇਹ ਹੁਕਮ ਸੁਣਾਇਆ ਹੈ ਕਿ 1984 'ਚ ਸ੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਦੇ ਸਾਰੇ ਦਸਤਾਵੇਜ਼ ਜਨਤਕ ਕੀਤੇ ਜਾਣ ਪਰ ਅਜੇ ਤਕ ਭਾਰਤ ਸਰਕਾਰ ਨੇ ਅਜਿਹਾ ਨਹੀਂ ਕੀਤਾ ਅਤੇ ਇਹੀ ਕਾਰਨ ਹੈ ਕਿ ਵਿਦੇਸ਼ੀ ਧਰਤੀ 'ਤੇ ਬੈਠੇ ਆਜ਼ਾਦ ਮੁਲਕ ਦੇ ਰਹਿਣ ਵਾਲੇ ਸਿੱਖਾਂ ਨੇ ਰੈਫਰੈਂਡਮ 2020 ਦੀ ਮੰਗ ਕੀਤੀ ਹੈ। ਸੁਖਪਾਲ ਖਹਿਰਾ ਨੇ ਇਹ ਵੀ ਕਿਹਾ ਸੀ ਕਿ ਆਜ਼ਾਦ ਵਿਦੇਸ਼ੀ ਮੁਲਕ 'ਚ ਰਹਿਣ ਵਾਲੇ ਆਜ਼ਾਦ ਸਿੱਖਾਂ ਨੂੰ ਤੁਸੀਂ ਕਿਸ ਤਰ੍ਹਾਂ ਉਨ੍ਹਾਂ ਦੇ ਹੱਕ ਲੈਣ ਤੋਂ ਰੋਕ ਸਕਦੇ ਹੋ।