550ਵੇਂ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਨੇ ਮੋਦੀ ਨੂੰ ਭੇਜਿਆ ਸੱਦਾ

07/13/2019 5:13:21 PM

ਜਲੰਧਰ (ਧਵਨ)— ਪੰਜਾਬ ਸਰਕਾਰ ਵੱਲੋਂ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਉਤਸਵ ਸਬੰਧੀ ਜਿੱਥੇ ਇਕ ਪਾਸੇ ਵਿਆਪਕ ਪੱਧਰ 'ਤੇ ਗੁਰੂ ਜੀ ਨਾਲ ਸੰਬੰਧਤ ਸਥਾਨਾਂ ਅਤੇ ਕਸਬਿਆਂ 'ਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ, ਉੱਥੇ ਹੀ ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਦਫਤਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 12 ਨਵੰਬਰ ਨੂੰ ਸੁਲਤਾਨਪੁਰ ਲੋਧੀ 'ਚ ਹੋਣ ਵਾਲੇ ਸੂਬਾ ਪੱਧਰੀ ਸਮਾਰੋਹ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ। ਹੁਣ ਤੱਕ ਪ੍ਰਧਾਨ ਮੰਤਰੀ ਦਫਤਰ ਨੇ ਸਮਾਰੋਹ 'ਚ ਹਿੱਸਾ ਲੈਣ ਬਾਰੇ ਆਪਣੀ ਸਰਕਾਰੀ ਤੌਰ 'ਤੇ ਸਹਿਮਤੀ ਨਹੀਂ ਭੇਜੀ ਹੈ ਪਰ ਫਿਰ ਵੀ ਮੁੱਖ ਮੰਤਰੀ ਦਫਤਰ ਇਸ ਗੱਲ ਨੂੰ ਲੈ ਕੇ ਆਸਵੰਦ ਹੈ ਕਿ ਪ੍ਰਧਾਨ ਮੰਤਰੀ ਇਸ ਇਤਿਹਾਸਕ ਸਮਾਰੋਹ 'ਚ ਜ਼ਰੂਰ ਹਿੱਸਾ ਲੈਣਗੇ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਸਮਾਰੋਹ 'ਚ ਹਿੱਸਾ ਲੈਣ ਬਾਰੇ ਮੌਖਿਕ ਤੌਰ 'ਤੇ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭਰੋਸਾ ਦਿੱਤਾ ਗਿਆ ਹੈ ਪਰ ਅਜੇ ਲਿਖਤੀ ਪੱਤਰ ਹਾਸਲ ਨਹੀਂ ਹੋਇਆ। ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸਮਾਰੋਹ 'ਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੋਇਆ ਹੈ।

ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਸੂਬਾ ਪੱਧਰੀ ਸਮਾਰੋਹ ਨੂੰ ਦੇਖਦੇ ਹੋਏ ਸੁਲਤਾਨਪੁਰ ਲੋਧੀ 'ਚ ਆਉਣ ਵਾਲੇ ਸਮਾਗਮ 'ਚ ਵਿਸ਼ਵ ਪੱਧਰੀ ਪ੍ਰਬੰਧ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਕੀਤੇ ਜਾਣੇ ਹਨ। ਸੂਬਾਈ ਸਰਕਾਰ ਨੂੰ ਅਜੇ ਵੀ ਇਹ ਗਿਲਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਨਿੱਜੀ ਤੌਰ 'ਤੇ ਕੇਂਦਰੀ ਮੰਤਰੀਆਂ ਨੂੰ ਮਿਲ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਲਗਭਗ 2000 ਕਰੋੜ ਤੋਂ ਵੱਧ ਫੰਡਾਂ ਦੀ ਮੰਗ ਕਰ ਚੁੱਕੇ ਹਨ ਪਰ ਅਜੇ ਤੱਕ ਕੇਂਦਰ ਨੇ ਇਕ ਵੀ ਪੈਸਾ ਪੰਜਾਬ ਨੂੰ ਰਿਲੀਜ਼ ਨਹੀਂ ਕੀਤਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ 'ਚ ਦਿੱਲੀ ਤੋਂ ਇਕ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਰਨਾ ਇਸ ਨਗਰ ਕੀਰਤਨ ਨੂੰ ਪਾਕਿਸਤਾਨ ਦੇ ਨਨਕਾਣਾ ਸਾਹਿਬ ਤੱਕ ਲੈ ਕੇ ਜਾਣਗੇ। ਇਹ ਨਗਰ ਕੀਰਤਨ 25 ਅਕਤੂਬਰ ਨੂੰ ਦਿੱਲੀ ਤੋਂ ਸ਼ੁਰੂ ਹੋਵੇਗਾ, ਇਸ 'ਚ ਲਗਭਗ 1500 ਸ਼ਰਧਾਲੂ ਸ਼ਾਮਲ ਹੋਣਗੇ।

shivani attri

This news is Content Editor shivani attri