ਪਰਨੀਤ ਕੌਰ ਦੇ ਹੱਕ 'ਚ 'ਕੈਪਟਨ' ਦੀ ਹੁੰਕਾਰ, ਮੋਦੀ ਖਿਲਾਫ ਕੱਢੀ ਭੜਾਸ

05/16/2019 1:07:30 PM

ਜ਼ੀਰਕਪੁਰ : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਦੇ ਹੱਕ 'ਚ ਪ੍ਰਚਾਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਨ ਪੁੱਜੇ। ਰੈਲੀ 'ਚ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜ਼ੀਰਕਪੁਰ ਦੀ ਇੰਨੀ ਵੱਡੀ ਆਬਾਦੀ ਲਈ ਫਾਇਰ ਬ੍ਰਿਗੇਡ ਅਤੇ ਹਸਪਤਾਲ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਜ਼ੀਰਕਪੁਰ ਵਾਸੀਆਂ ਨੂੰ ਭਰੋਸਾ ਦੁਆਇਆ ਕਿ ਜਨਤਾ ਜੋ ਵੀ ਚਾਹੁੰਦੀ ਹੈ, ਉਸ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ। 
ਮੋਦੀ ਖਿਲਾਫ ਕੱਢੀ ਭੜਾਸ
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਭੜਾਸ ਕੱਢਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਦੀ ਨੋਟਬੰਦੀ ਕਾਰਨ ਪੂਰੇ ਦੇਸ਼ ਨੂੰ ਵੱਡਾ ਧੱਕਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਸਮੇਂ ਮੋਦੀ ਨੇ ਆਪਣੇ ਵੱਡੇ-ਵੱਡੇ ਸਾਥੀਆਂ ਨੂੰ ਪਹਿਲਾਂ ਹੀ ਪੈਸ ਬਦਲਵਾਉਣ ਬਾਰੇ ਕਹਿ ਦਿੱਤਾ ਸੀ, ਜਦੋਂ ਕਿ ਨੋਟਬੰਦੀ ਦਾ ਸਾਰਾ ਅਸਰ ਗਰੀਬ ਜਨਤਾ 'ਤੇ ਪਿਆ ਅਤੇ ਲੋਕਾਂ ਨੂੰ ਬੈਂਕਾਂ ਦੇ ਧੱਕੇ ਖਾਣੇ ਪਏ।
ਸਾਰੇ ਟੈਕਸ ਦਿੱਲੀ ਦੀ ਹਕੂਮਤ ਕੋਲ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੀ. ਐੱਸ. ਟੀ. ਲੱਗਣ ਤੋਂ ਬਾਅਦ ਸਾਰੇ ਟੈਕਸ ਦਿੱਲੀ ਦੀ ਹਕੂਮਤ ਕੋਲ ਚਲੇ ਗਏ। ਉਨ੍ਹਾਂ ਕਿਹਾ ਕਿ ਉਸ ਸਮੇਂ 2 ਮਹੀਨਿਆਂ ਤੱਕ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ ਉਨ੍ਹਾਂ ਕੋਲ ਪੈਸੇ ਨਹੀਂ ਸਨ। ਕੈਪਟਨ ਨੇ ਕਿਹਾ ਕਿ ਨੋਟਬੰਦੀ ਨੇ ਦੇਸ਼ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ਅਤੇ ਸਾਰਾ ਪੈਸਾ ਦਿੱਲੀ ਦੀ ਹਕੂਮਤ ਕੋਲ ਚਲਾ ਗਿਆ ਹੈ। 
ਅਕਾਲੀ ਦਲ 'ਤੇ ਵੀ ਲਾਏ ਰਗੜੇ
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ 'ਤੇ ਰਗੜੇ ਲਾਉਂਦਿਆਂ ਕਿਹਾ ਕਿ ਬੇਅਦਬੀ ਕਾਂਡ ਕਰਕੇ ਲੋਕ ਅਕਾਲੀ ਦਲ ਨੂੰ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਲੁੱਟ ਕੇ ਖਾਧਾ, ਜਿਸ ਦਾ ਹਿਸਾਬ ਲੋਕ ਚੋਣਾਂ ਦੌਰਾਨ ਅਕਾਲੀ ਦਲ ਕੋਲੋਂ ਲੈਣਗੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੀ ਆਪਣੀਆਂ ਸੀਟਾਂ ਤੋਂ ਹਾਰ ਜਾਣਗੇ।

Babita

This news is Content Editor Babita