ਕੈਪਟਨ ਦੀ ਰਿਹਾਇਸ਼ ਬਾਹਰ 'ਟਵੀਟ ਦਾ ਕੇਕ' ਕੱਟਣਗੇ ਕੱਚੇ ਮੁਲਾਜ਼ਮ

01/22/2019 10:04:39 AM

ਚੰਡੀਗੜ੍ਹ : ਅੱਜ ਦਾ ਯੁੱਗ ਸ਼ੋਸ਼ਲ ਮੀਡੀਆ ਦਾ ਯੁੱਗ ਹੈ ਅਤੇ ਹਰ ਕੋਈ ਆਪਣੀ ਹਰ ਗੱਲ ਸੋਸ਼ਲ ਮੀਡੀਆ ਰਾਹੀ ਦੇਸ਼ ਦੁਨੀਆ ਦੇ ਹਰ ਕੋਨੇ ਤੇ ਜਲਦ ਤੋਂ ਜਲਦ ਪਹੁੰਚਾਉਣਾ ਚਾਹੁੰਦਾ ਹੈ। ਅੱਜ ਦੇ ਸਮੇਂ ਵਿਚ ਸੋਸ਼ਲ ਮੀਡੀਆ 'ਤੇ ਕਹੀ ਗੱਲ ਨੂੰ ਜ਼ਿਆਦਾਤਰ ਸਹੀ ਤੇ ਸੱਚ ਮੰਨਿਆ ਜਾਦਾ ਹੈ ਅਤੇ ਬੀਤੇ ਪਿਛਲੇ ਕੁੱਝ ਸਾਲਾਂ ਤੋਂ ਟਵੀਟਰ ਤੇ ਫੇਸਬੁੱਕ ਨੂੰ ਰਾਜਨੀਤਿਕ ਪਾਰਟੀਆ ਨੇ ਵਰਤ ਕੇ ਨੌਜਵਾਨਾਂ ਨਾਲ ਵਾਅਦੇ ਕਰਕੇ ਸਰਕਾਰਾਂ ਬਣਾਈਆ ਹਨ।ਮੋਜੂਦਾ ਸਮੇਂ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫੇਸਬੁੱਕ ਅਤੇ ਟਵੀਟਰ ਤੇ ਪੂਰੇ ਸਰਗਰਮ ਰਹਿੰਦੇ ਹਨ ਅਤੇ ਆਪਣੇ ਕੀਤੇ ਹਰ ਕੰਮ ਨੂੰ ਸ਼ੇਅਰ ਕਰਦੇ ਹਨ।

ਇਸੇ ਤਰ੍ਹਾ ਹੀ ਵਿਧਾਨ ਸਭਾਂ ਚੋਣਾਂ ਦੋਰਾਨ ਮੁੱਖ ਮੰਤਰੀ ਪੰਜਾਬ ਵੱਲੋਂ 24 ਜਨਵਰੀ, 2017 ਨੂੰ ਟਵੀਟ ਸੰਦੇਸ਼ ਰਾਹੀ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਨਾਲ ਹੀ ਐਲਾਨ ਵੀ ਕੀਤਾ ਸੀ ਕਿ ਸਰਕਾਰ ਬਣਨ 'ਤੇ ਪਹਿਲੀ ਕੈਬਿਨਟ ਮੀਟਿੰਗ 'ਚ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਟਵੀਟ ਨੂੰ 2 ਸਾਲ ਬੀਤਣ ਨੂੰ ਆਏ ਹਨ ਪਰ ਇਹਨਾਂ ਦੋ ਸਾਲਾਂ ਵਿਚ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਇਕ ਮੀਟਿੰਗ ਤੱਕ ਨਹੀ ਕੀਤੀ।

ਕੈਪਟਨ ਅਮਰਿੰਦਰ ਸਿੰਘ ਦਾ ਕੀਤਾ ਟਵੀਟ ਤਾਂ ਟਵੀਟਰ 'ਤੇ ਅੱਜ ਵੀ ਕੀਤੇ ਵਾਅਦੇ ਨੂੰ ਬੋਲ ਰਿਹਾ ਹੈ ਪਰ ਸ਼ਾਇਦ ਮੁੱਖ ਮੰਤਰੀ ਪੰਜਾਬ ਆਪਣੇ ਕੀਤੇ ਵਾਅਦੇ ਨੂੰ ਭੁੱਲ ਗਏ ਹਨ। ਇਸ ਲਈ ਸੂਬੇ ਦੇ ਕੱਚੇ ਮੁਲਾਜ਼ਮਾਂ ਨੇ ਰੋਸ ਵਜੋਂ ਮੁੱਖ ਮੰਤਰੀ ਦੇ ਕੀਤੇ ਵਾਅਦੇ ਦੇ ਦੋ ਸਾਲ ਪੂਰੇ ਹੋਣ 'ਤੇ ਮੁੱਖ ਮੰਤਰੀ ਨੂੰ ਦੁਬਾਰਾ ਇਹ ਵਾਅਦਾ ਯਾਦ ਕਰਵਾਉਣ ਲਈ ਦੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ 24 ਜਨਵਰੀ ਨੂੰ ਟਵੀਟ ਦਾ ਕੇਕ ਬਣਾ ਕੇ ਭੇਂਟ ਕਰਨਗੇ।
ਪ੍ਰੈਸ ਬਿਆਨ ਜਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਇਮਰਾਨ ਭੱਟੀ, ਅਸ਼ੀਸ਼ ਜੁਲਾਹਾ, ਪ੍ਰਵੀਨ ਸ਼ਰਮਾਂ, ਅਮ੍ਰਿੰਤਪਾਲ ਸਿੰਘ, ਅਨੁਪਜੀਤ ਸਿੰਘ, ਰਜਿੰਦਰ ਸਿੰਘ ਸੰਧਾ, ਰਾਕੇਸ਼ ਕੁਮਾਰ, ਸਤਪਾਲ ਸਿੰਘ ਆਦਿ ਨੇ ਕਿਹਾ ਕਿ ਕਾਂਗਰਸ ਦੇ ਕੈਪਟਨ ਸਰਕਾਰ ਸਿਰਫ ਲਾਅਰਿਆ ਦੀ ਸਰਕਾਰ ਹੀ ਬਣ ਕੇ ਰਹਿ ਗਈ ਹੈ ਅਤੇ ਲਾਰਿਆ ਤੋਂ ਸਿਵਾਏ 2 ਸਾਲਾਂ 'ਚ ਕੁੱਝ ਨਹੀ ਦਿੱਤਾ।ਪਿਛਲੇ ਸਾਲ ਵੀ 24 ਜਨਵਰੀ 2018 ਨੂੰ ਮੁਲਾਜ਼ਮਾਂ ਵੱਲੋਂ ਜਲੰਧਰ, ਬਠਿੰਡਾ ਅਤੇ ਪਟਿਆਲਾ ਵਿਖੇ ਤਿੰਨ ਜਗ੍ਹਾ ਤੇ ਇਸ ਟਵੀਟ ਦੇ ਕੇਕ ਕੱਟ ਕੇ ਵਾਅਦਾ ਖਿਲਾਫੀ ਦਿਵਸ ਮਨਾਇਆ ਸੀ

Babita

This news is Content Editor Babita