ਕੇਂਦਰ ਦੇ ਇਸ਼ਾਰੇ ''ਤੇ ਕੈਪਟਨ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਗੁਆਉਣ ''ਤੇ ਤੁਲੀ : ਬੈਂਸ

01/24/2020 11:41:48 PM

ਜਲੰਧਰ,(ਬੁਲੰਦ): ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਕੁਰੱਪਸ਼ਨ ਦੇ ਕੇਸਾਂ ਤੋਂ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਅਤੇ ਨਰਿੰਦਰ ਮੋਦੀ ਦੇ ਇਸ਼ਾਰਿਆਂ 'ਤੇ ਪੰਜਾਬ ਦੇ ਪਾਣੀਆਂ ਦੇ ਸਾਰੇ ਹੱਕ ਗੁਆਉਣ ਲਈ ਯਤਨ ਕਰ ਰਹੇ ਹਨ ਅਤੇ ਇਸ ਲਈ ਉਨ੍ਹਾਂ ਕੇਂਦਰ ਦੇ ਅੱਗੇ ਆਪਣੇ ਹੱਥ ਵੱਢ ਕੇ ਦੇਣ ਲਈ ਟ੍ਰਿਬਿਊਨਲ ਦਾ ਹਿੱਸਾ ਬਣਨ 'ਤੇ ਸਹਿਮਤੀ ਪ੍ਰਗਟਾਈ ਹੈ। ਜਦੋਂਕਿ ਕੇਂਦਰ ਕੋਲ ਅਧਿਕਾਰ ਹੀ ਨਹੀਂ ਹੈ ਕਿ ਉਹ ਪੰਜਾਬ ਦੇ ਦਰਿਆਵਾਂ ਬਾਰੇ ਕੋਈ ਟ੍ਰਿਬਿਊਨਲ ਬਣਾ ਸਕੇ ਪਰ ਅਸੀਂ ਉਨ੍ਹਾਂ ਦੇ ਯਤਨਾਂ ਦੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।

ਬੈਂਸ ਨੇ ਕਿਹਾ ਕਿ ਕੈਪਟਨ ਇਹ ਜਾਣਦੇ ਹਨ ਕਿ ਪੰਜਾਬ ਦੇ ਪਾਣੀਆਂ ਬਾਰੇ ਜੋ ਜਾਣਕਾਰੀ ਬੈਂਸ ਕੋਲ ਹੈ, ਉਹ ਕਿਸੇ ਕੋਲ ਨਹੀਂ ਹੈ। ਇਸ ਲਈ ਸਰਬ ਪਾਰਟੀ ਮੀਟਿੰਗ ਵਿਚ ਲੋਕ ਇਨਸਾਫ ਪਾਰਟੀ ਨੂੰ ਨਹੀਂ ਬੁਲਾਇਆ। ਬੈਂਸ ਨੇ ਕਿਹਾ ਕਿ 20 ਜਨਵਰੀ 1955 ਨੂੰ ਤਤਕਾਲੀ ਕੇਂਦਰੀ ਨਹਿਰੀ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਪੰਜਾਬ ਦੇ ਪਾਣੀਆਂ ਨੂੰ ਵੰਡਦੇ ਹੋਏ ਪੈਰਾ ਨੰਬਰ 5 ਵਿਚ ਸਾਫ ਲਿਖ ਦਿੱਤਾ ਸੀ ਕਿ ਇਹ ਮੀਟਿੰਗ ਪੰਜਾਬ ਦੇ ਪਾਣੀਆਂ ਨੂੰ ਵੰਡਣ ਬਾਰੇ ਹੈ ਨਾ ਕਿ ਉਨ੍ਹਾਂ ਦੇ ਰੇਟ ਤੈਅ ਕਰਨ ਬਾਰੇ। ਪਰ ਪੰਜਾਬ ਦੇ ਆਗੂਆਂ ਨੇ ਬਾਅਦ ਵਿਚ ਇਸ ਬਾਰੇ ਕੋਈ ਮੀਟਿੰਗ ਨਹੀਂ ਕੀਤੀ ਤੇ ਅਰਬਾਂ ਰੁਪਏ ਦਾ ਪੰਜਾਬ ਦਾ ਪਾਣੀ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਮੁਫਤ ਵਿਚ ਵੰਡਦੇ ਆ ਰਹੇ ਹਨ। ਇਕੱਲੇ ਰਾਜਸਥਾਨ ਕੋਲੋਂ ਪੰਜਾਬ ਨੇ 16 ਲੱਖ ਕਰੋੜ ਰੁਪਏ ਪਾਣੀਆਂ ਦੇ ਵਸੂਲਣੇ ਹਨ। ਉਨ੍ਹਾਂ ਕਿਹਾ ਕਿ 16 ਨਵੰਬਰ 2016 ਨੂੰ ਪੰਜਾਬ ਵਿਚ ਪਾਣੀਆਂ ਦੇ ਪੈਸੇ ਵਸੂਲਣ ਨੂੰ ਲੈ ਕੇ ਬਿੱਲ ਪਾਸ ਹੋਇਆ ਸੀ ਪਰ ਕੈਪਟਨ ਸ਼ਰੇਆਮ ਲੋਕਾਂ ਨੂੰ ਝੂਠ ਸੁਣਾ ਰਹੇ ਹਨ। ਬੈਂਸ ਨੇ ਕਿਹਾ ਕਿ 20 ਦਿਨ ਪਹਿਲਾਂ ਹਿਮਾਚਲ ਨੇ ਦਿੱਲੀ ਦੇ ਨਾਲ 21 ਕਰੋੜ ਰੁਪਏ ਸਾਲਾਨਾ ਪਾਣੀਆਂ ਦੇ ਬਿੱਲਾਂ ਦਾ ਸਮਝੌਤਾ ਕੀਤਾ ਹੈ, ਇਸੇ ਤਰ੍ਹਾਂ ਹਰਿਆਣਾ ਵੀ ਦਿੱਲੀ ਤੋਂ ਪਾਣੀ ਦੀ ਕੀਮਤ ਲੈ ਰਿਹਾ ਹੈ ਤਾਂ ਪੰਜਾਬ ਨਾਲ ਬੇਇਨਸਾਫੀ ਕਿਉਂ ਹੋ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਕੈਪਟਨ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਬਚਾਉਣ ਲਈ ਪੂਰੇ ਪੰਜਾਬ ਦਾ ਸੱਤਿਆਨਾਸ ਕਰਨ 'ਤੇ ਤੁਲਿਆ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਆਲ ਪਾਰਟੀ ਮੀਟਿੰਗ ਵਿਚ ਲੋਕ ਇਨਸਾਫ ਪਾਰਟੀ ਨੂੰ ਨਾ ਬੁਲਾਉਣ ਤੇ ਬਾਅਦ ਵਿਚ ਮੀਡੀਆ ਨੂੰ ਕਹਿਣਾ ਕਿ ਸਾਡੀ ਪਾਰਟੀ ਰਜਿਸਟਰਡ ਨਹੀਂ ਹੈ, ਇਸ ਤੋਂ ਵੱਡਾ ਝੂਠ ਹੋਰ ਕੀ ਹੋ ਸਕਦਾ ਹੈ। ਅਸਲ ਵਿਚ ਕੈਪਟਨ ਨੂੰ ਡਰ ਸੀ ਕਿ ਕਿਤੇ ਮੀਟਿੰਗ ਵਿਚ ਅਸੀਂ ਪਾਣੀਆਂ ਬਾਰੇ ਸਾਰੀਆਂ ਪਾਰਟੀਆਂ ਨੂੰ ਸੱਚ ਨਾ ਦੱਸ ਦੇਈਏ। ਇਸ ਮੌਕੇ ਜਸਵੰਤ ਸਿੰਘ, ਜਰਨੈਲ ਸਿੰਘ, ਅਮਰੀਕ ਿਸੰਘ, ਜਸਵੀਰ ਬੱਗਾ, ਹਰਪ੍ਰਭ, ਪ੍ਰਕਾਸ਼ ਸਿੰਘ, ਮਨਦੀਪ ਸਿੰਘ ਆਦਿ ਵੀ ਮੌਜੂਦ ਸਨ।