ਕਰਜ਼ ਮੁਆਫੀ ਦੇ ਪ੍ਰੋਗਰਾਮ ''ਚ ਕੈਪਟਨ ਨੇ ਵਜਾਇਆ ਸ਼ਾਹਕੋਟ ਜ਼ਿਮਨੀ ਚੋਣ ਦਾ ਬਿਗੁਲ!

03/14/2018 7:23:52 PM

ਸ਼ਾਹਕੋਟ (ਅਰੁਣ) : ਸੂਬਾ ਸਰਕਾਰ ਦੇ ਕਰਜ਼ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਬੁੱਧਵਾਰ ਨੂੰ ਨਕੋਦਰ 'ਚ ਹੋਇਆ ਕਰਜ਼ ਮੁਆਫੀ ਸਮਾਗਮ ਕਾਂਗਰਸ ਪਾਰਟੀ ਵਲੋਂ ਸ਼ਾਹਕੋਟ ਚੋਣਾਂ ਲਈ ਬਿਗੁਲ ਵਜਾਉਂਦਾ ਹੋਇਆ ਪ੍ਰਤੀਤ ਹੋਇਆ। 29, 192 ਕਿਸਾਨਾਂ ਦੇ ਲਗਭਗ 162.16 ਕਰੋੜ ਰੁਪਏ ਦੀ ਕਰਜ਼ ਮੁਆਫੀ ਦੇ ਸਰਟੀਫਿਕੇਟ ਵੰਡ ਨੂੰ ਰੱਖੇ ਗਏ ਸਮਾਮਗ 'ਚ ਮੁੱਖ ਮੰਤਰੀ ਸ਼ਾਹਕੋਟ ਲਈ 113 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰ ਗਏ।
ਇਥੇ ਹੀ ਬਸ ਨਹੀਂ ਪਿਛਲੇ ਲੰਮੇ ਸਮੇਂ ਤੋਂ ਸ਼ਾਹਕੋਟ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਸਰਕਾਰੀ ਸਿੱਖਿਆ ਸੰਸਥਾਂ ਦੀ ਕਮੀ ਨੂੰ ਵੀ ਦੂਰ ਕਰਦਿਆਂ ਮੁੱਖ ਮੰਤਰੀ ਪੰਜਾਬ ਵਲੋਂ ਸ਼ਾਹਕੋਟ ਇਲਾਕੇ ਦੇ ਪਿੰਡ ਸਾਰੰਗਵਾਲ 'ਚ ਡਿਗਰੀ ਕਾਲਜ ਦੇ ਨਿਰਮਾਣ ਲਈ 15 ਕਰੋੜ ਰੁਪਏ ਦੀ ਰਾਸ਼ੀ ਦਾ ਐਲਾਣ ਕੀਤਾ ਗਿਆ। ਇਸੇ ਤਰ੍ਹਾਂ ਹਲਕੇ ਦੇ 232 ਪਿੰਡਾਂ ਦੇ ਵਿਕਾਸ ਕਾਰਜਾਂ ਲਈ 20 ਕਰੋੜ ਰੁਪਏ, ਵਾਟਰ ਸਪਲਾਈ ਲਈ 14 ਕਰੋੜ, ਮੰਡੀਆਂ ਲਈ 11 ਕਰੋੜ, ਲਿੰਕ ਸੜਕਾਂ ਦੀ ਮੁਰੰਮਤ ਲਈ 30 ਕਰੋੜ, ਯਕੋਪੁਰ ਪਿੰਡ ਦੇ ਪੁਲ ਲਈ 8.50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ।
ਮੁੱਖ ਮੰਤਰੀ ਵਲੋਂ ਹਲਕਾ ਸ਼ਾਹਕੋਟ ਲਈ ਜਾਰੀ ਕੀਤੀ ਗਈ ਇਸ ਗ੍ਰਾਂਟ ਨੂੰ ਅਗਲੇ ਕੁਝ ਮਹੀਨਿਆਂ 'ਚ ਹੋਣ ਵਾਲੀ ਜ਼ਿਮਨੀ ਚੋਣ ਦੇ ਬਿਗੁਲ ਵਜਾਉਣ ਵਜੋਂ ਵੀ ਦੇਖਿਆ ਜਾ ਰਿਹਾ ਹੈ। ਜੇਕਰ ਹਲਕਾ ਸ਼ਾਹਕੋਟ ਦੇ ਚੋਣ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ 1962 ਤੋਂ ਲੈ ਕੇ 2017 ਤਕ ਹੋਈਆਂ 10 ਵਿਧਾਨ ਸਭਾ ਚੋਣਾਂ ਵਿਚ ਸਿਰਫ ਇਕ ਵਾਰ ਹੀ ਕਾਂਗਰਸ ਜਿੱਤ ਦਰਜ ਕਰ ਸਕੀ ਹੈ  ਜਦਕਿ 1992 ਤੋਂ ਬਾਅਦ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਸੀਟ 'ਤੇ ਅਕਾਲੀ ਦਲ ਜਿੱਤ ਦਰਜ ਕਰਦਾ ਆ ਰਿਹਾ ਹੈ। ਹੁਣ ਜਦੋਂ ਅਗਲੇ ਕੁਝ ਮਹੀਨਿਆਂ ਵਿਚ ਸ਼ਾਹਕੋਟ ਹਲਕੇ 'ਤੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤਾਂ ਕਾਂਗਰਸ ਇਸ ਸੀਟ 'ਤੇ ਕਿਸੇ ਵੀ ਕੀਮਤ 'ਤੇ ਜਿੱਤ ਦਰਜ ਕਰਨਾ ਚਾਹੁੰਦੀ ਹੈ।