'ਵੇਟ ਐਂਡ ਵਾਚ' ਦੀ ਪਾਲਿਸੀ: ਕੈਪਟਨ ਨੂੰ ਬੋਚਣ ਲਈ ਇੰਨੀ ਵੀ ਬੇਤਾਬ ਨਹੀਂ ਹੈ ਭਾਜਪਾ

10/01/2021 11:07:38 AM

ਜਲੰਧਰ (ਵਿਸ਼ੇਸ਼)– ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਖ਼ਬਰ ਤੋਂ ਬਾਅਦ ਸੂਬੇ ’ਚ ਵੱਡੇ ਪੱਧਰ ’ਤੇ ਸਿਆਸੀ ਘਮਸਾਨ ਮਚਿਆ ਹੋਇਆ ਹੈ। ਇਸ ਘਮਸਾਨ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਾਇਦਾ ਲੈਣ ’ਚ ਕੋਈ ਕਸਰ ਨਹੀਂ ਛੱਡ ਰਹੇ। ਕਾਂਗਰਸ ਦੇ ਰੌਲੇ ਵਿਚਾਲੇ ਕੈਪਟਨ ਪਾਰਟੀ ਛੱਡਣ ਦਾ ਐਲਾਨ ਕਰ ਚੁੱਕੇ ਹਨ ਅਤੇ ਹੁਣ ਭਾਜਪਾ ’ਤੇ ਡੋਰੇ ਪਾ ਰਹੇ ਹਨ। ਭਾਜਪਾ ਲਈ ਵੀ ਇਹ ਸਥਿਤੀ ਬੇਹੱਦ ਸੋਚ-ਵਿਚਾਰ ਵਾਲੀ ਹੈ ਕਿਉਂਕਿ ਕੈਪਟਨ ਵਿਰੁੱਧ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਪਿਛਲੇ ਸਾਢੇ 4 ਸਾਲ ਤੋਂ ਭਾਜਪਾ ਦੇ ਲੋਕ ਬੋਲਦੇ ਰਹੇ ਹਨ, ਉਨ੍ਹਾਂ ਮੁੱਦਿਆਂ ’ਤੇ ਹੁਣ ਕੈਪਟਨ ਨੂੰ ‘ਗੰਗਾ ਸਨਾਨ’ ਕਿਵੇਂ ਕਰਵਾ ਦੇਵੇਗੀ। ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ 2 ਦਿਨਾਂ ਤੋਂ ਲੱਗ ਰਹੀਆਂ ਹਨ। ਕਾਂਗਰਸ ਪਾਰਟੀ ਨੂੰ ਵੀ ਕੈਪਟਨ ਦੀ ਇਸ ਬੇਰੁਖੀ ’ਤੇ ਗੁੱਸਾ ਸੀ, ਜਿਸ ਕਾਰਨ ਪਾਰਟੀ ਨੇ ਸਿੱਧੂ ਨੂੰ ਲਗਭਗ ਮਨਾ ਲਿਆ ਹੈ।

ਕੈਪਟਨ ਨੂੰ ਲੈ ਕੇ ਭਾਜਪਾ ਦੇ ਮਨ ’ਚ ਕੀ ਚੱਲ ਰਿਹਾ ਹੈ, ਇਹ ਅਜੇ ਬਹੁਤ ਕੁਝ ਸਾਫ਼ ਨਹੀਂ ਹੈ ਪਰ ਇਕ ਵੱਡਾ ਸਵਾਲ ਹੈ ਕਿ ਆਖਿਰ ਜਿਸ ਕੈਪਟਨ ਨੇ ਸਾਢੇ 4 ਸਾਲ ਮੋਤੀ ਮਹਿਲ ਜਾਂ ਸਿਸਵਾਂ ਫਾਰਮ ਨਹੀਂ ਛੱਡਿਆ ਅਤੇ ਆਮ ਲੋਕਾਂ ਵਿਚਾਲੇ ਨਹੀਂ ਗਏ, ਉਹੀ ਕੈਪਟਨ ਹੁਣ ਭਾਰਤੀ ਜਨਤਾ ਪਾਰਟੀ ’ਚ ਆ ਕੇ ਇਹ ਐਸ਼ੋ-ਆਰਾਮ ਦੀ ਜ਼ਿੰਦਗੀ ਛੱਡ ਕੇ ਲੋਕਾਂ ਵਿਚਾਲੇ ਕਿਵੇਂ ਜਾਣਗੇ। ਪੰਜਾਬ ’ਚ ਆਮ ਜਨਤਾ ਨਾਲ ਜੁੜੇ ਸੈਂਕੜੇ ਮਾਮਲੇ ਹਨ ਅਤੇ ਕਈ ਮੁੱਦੇ ਹਨ, ਜਿਨ੍ਹਾਂ ਨੂੰ ਲੋਕ ਹੱਲ ਹੁੰਦੇ ਵੇਖਣਾ ਚਾਹੁੰਦੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਮੁੱਦੇ ਪਿਛਲੇ ਸਾਢੇ 4 ਸਾਲਾਂ ਦੌਰਾਨ ਹੀ ਪੈਦਾ ਹੋਏ ਹਨ। ਜੋ ਮੁੱਦੇ ਖੁਦ ਕੈਪਟਨ ਦੀ ਲਾਪ੍ਰਵਾਹੀ ਜਾਂ ਐਸ਼ੋ-ਆਰਾਮ ਵਾਲੀ ਜ਼ਿੰਦਗੀ ਕਾਰਨ ਪੈਦਾ ਹੋਏ ਹਨ, ਉਨ੍ਹਾਂ ਮੁੱਦਿਆਂ ਨੂੰ ਹੁਣ ਖ਼ੁਦ ਕੈਪਟਨ ਕਿਵੇਂ ਹੱਲ ਕਰ ਲੈਣਗੇ? ਇਸ ਤਰ੍ਹਾਂ ਦੇ ਕਈ ਸਵਾਲ ਅੱਜ ਪੰਜਾਬ ਦੇ ਆਮ ਲੋਕਾਂ ਦੇ ਦਿਲੋ-ਦਿਮਾਗ ’ਚ ਹਨ, ਜਿਨ੍ਹਾਂ ਦਾ ਜਵਾਬ ਖੁਦ ਭਾਜਪਾ ਨੂੰ ਹੀ ਲੱਭਣਾ ਪਵੇਗਾ।

ਇਹ ਵੀ ਪੜ੍ਹੋ :  ਅਹਿਮ ਖ਼ਬਰ: ਕਿਸਾਨੀ ਸੰਘਰਸ਼ ’ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਜਲਦ ਦੇਵੇਗੀ ਨੌਕਰੀ

PunjabKesari

ਨੇੜਲੇ ਲੋਕਾਂ ਦਾ ਕਰੀਅਰ ਦਾਅ ’ਤੇ
ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਬਹੁਤ ਸਾਰੇ ਲੋਕ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ ਹੁਣ ਉਨ੍ਹਾਂ ਦੇ ਨੇੜੇ ਕੋਈ ਨਹੀਂ ਹੈ। ਮਤਲਬ ਕਿ ਜਦ ਕੈਪਟਨ ਕਪਤਾਨ ਸਨ ਤਾਂ ਬਹੁਤ ਸਾਰੇ ਉਨ੍ਹਾਂ ਦੇ ਖੇਮੇ ’ਚ ਸਨ। ਕੈਪਟਨ ਦੇ ਸਿਰ ’ਤੇ ਸੋਨੀਆ ਗਾਂਧੀ ਦਾ ਅਦ੍ਰਿਸ਼ ਹੱਥ ਸੀ, ਜੋ ਸਮੇਂ-ਸਮੇਂ ’ਤੇ ਕੈਪਟਨ ਲਈ ਟਾਨਿਕ ਦਾ ਕੰਮ ਕਰਦਾ ਰਿਹਾ। ਬੇਪ੍ਰਵਾਹ ਕੈਪਟਨ ਹੁਣ ਸਭ ਕੁਝ ਛੱਡ ਕੇ ਭਾਜਪਾ ’ਚ ਜਾਣ ਦੀ ਤਿਆਰੀ ਕਰ ਰਹੇ ਹਨ ਤਾਂ ਅਜਿਹੇ ’ਚ ਉਨ੍ਹਾਂ ਦੇ ਨੇੜਲੇ ਲੋਕਾਂ ਦਾ ਕਰੀਅਰ ਦਾਅ ’ਤੇ ਲੱਗ ਗਿਆ ਹੈ। ਸਭ ਤੋਂ ਵੱਡਾ ਅਸਰ ਉਨ੍ਹਾਂ ਦੀ ਆਪਣੀ ਧਰਮਪਤਨੀ ਪ੍ਰਨੀਤ ਕੌਰ ’ਤੇ ਹੋਵੇਗਾ, ਜੋ ਲੰਘੀ ਸ਼ਾਮ ਤੱਕ ਕਾਂਗਰਸ ਦੀ ਸੰਭਾਵੀ ਸੂਬਾ ਪ੍ਰਧਾਨ ਲੱਗ ਰਹੀ ਸੀ।

ਕੈਪਟਨ ਅਮਰਿੰਦਰ ਸਿੰਘ ਤੋਂ ਅਜੇ ਦੂਰ ਕਿਉਂ ਹੈ ਭਾਜਪਾ
ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੇ ਦੌਰ ’ਚ ਭਾਰਤੀ ਜਨਤਾ ਪਾਰਟੀ ਸ਼ੌਕੀਨ ਕਿਸਮ ਦੀ ਸਿਆਸਤ, ਡਰੱਗ ਮਾਫ਼ੀਆ ਤੋਂ ਲੈ ਕੇ ਕਈ ਮੁੱਦਿਆਂ ’ਤੇ ਕੈਪਟਨ ਸਰਕਾਰ ਉੱਪਰ ਭਾਂਡਾ ਭੰਨਦੀ ਰਹੀ ਹੈ। ਹੁਣ ਜਦ ਕੈਪਟਨ ਪੂਰੀ ਤਰ੍ਹਾਂ ਖਾਲੀ ਹਨ ਅਤੇ ਉਨ੍ਹਾਂ ਕੋਲ ਕੋਈ ਬਿਹਤਰ ਸਮਰਥਨ ਨਹੀਂ ਹੈ ਤਾਂ ਫਿਰ ਭਾਜਪਾ ਕੈਪਟਨ ਨੂੰ ਆਪਣੇ ਖੇਮੇ ’ਚ ਲਿਆਉਣ ਦੀ ਗਲਤੀ ਹੀ ਕਿਉਂ ਕਰੇਗੀ ਕਿਉਂਕਿ ਜਦ ਪੂਰੇ ਦੇਸ਼ ’ਚ ਮੋਦੀ ਦੇ ਨਾਂ ਦੀ ਲਹਿਰ ਸੀ, ਉਸ ਸਮੇਂ ਮੋਦੀ ਸਰਕਾਰ ਦੇ ਜੇਤੂ ਰੱਥ ਨੂੰ ਪੰਜਾਬ ’ਚ ਕੈਪਟਨ ਨੇ ਹੀ ਚੁਣੌਤੀ ਦਿੱਤੀ ਸੀ। ਭਾਜਪਾ ਇਹ ਸਾਰੀਆਂ ਚੀਜ਼ਾਂ ਸ਼ਾਇਦ ਇੰਨੀ ਆਸਾਨੀ ਨਾਲ ਨਹੀਂ ਭੁੱਲ ਸਕਦੀ।

ਇਹ ਵੀ ਪੜ੍ਹੋ :  ਕੈਪਟਨ ਨੂੰ ਮਨਾਉਣ ਦੀ ਕਵਾਇਦ ਸ਼ੁਰੂ, ਕਮਲਨਾਥ ਤੇ ਅੰਬਿਕਾ ਸੋਨੀ ਨੇ ਕੀਤਾ ਸੰਪਰਕ

PunjabKesari
1 ਕੈਪਟਨ ਪੰਜਾਬ ’ਚ ਰਾਸ਼ਟਰਪਤੀ ਸ਼ਾਸਨ ਲਗਵਾਉਣਾ ਚਾਹੁੰਦੇ ਹਨ ਪਰ ਭਾਜਪਾ ਦੀ ਸੋਚ ਵੱਖਰੀ ਹੈ। ਸੀ. ਐੱਮ. ਚਰਨਜੀਤ ਚੰਨੀ ਦੀ ਸਰਕਾਰ ਸੁੱਟ ਕੇ ਰਾਸ਼ਟਰਪਤੀ ਰਾਜ ਲਗਾਉਣ ’ਤੇ ਐੱਸ. ਸੀ. ਸਮਾਜ ’ਚ ਭਾਜਪਾ ਦੀ ਕਿਰਕਿਰੀ ਹੋ ਸਕਦੀ ਹੈ। ਸਿਆਸੀ ਪੰਡਿਤਾਂ ਅਨੁਸਾਰ ਭਾਜਪਾ ਨੂੰ ਇਸ ਦਾ ਨੁਕਸਾਨ ਪੂਰੇ ਦੇਸ਼ ’ਚ ਭੁਗਤਨਾ ਪੈ ਸਕਦਾ ਹੈ।
2 ਕੈਪਟਨ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਭਾਜਪਾ ਦੇ ਅੰਦਰ ਵਿਚਾਰ-ਚਰਚਾ ਚੱਲ ਰਹੀ ਹੈ। ਕੈਪਟਨ ਦੀ ਬਜਾਏ ਭਾਜਪਾ ਨੂੰ ਸਿੱਧੂ ਜ਼ਿਆਦਾ ਪਸੰਦ ਆਉਣਗੇ ਕਿਉਂਕਿ ਸਿੱਧੂ ਨਾਲ ਪਾਰਟੀ ਨੇ ਕੰਮ ਕੀਤਾ ਹੋਇਆ ਹੈ। ਕੈਪਟਨ ਕੋਲ ਕੇਡਰ ਵੀ ਨਹੀਂ ਹੈ।
3 ਭਾਜਪਾ ’ਚ 75 ਸਾਲਾਂ ਤੋਂ ਵੱਧ ਦੇ ਨੇਤਾਵਾਂ ਨੂੰ ਖ਼ਾਸ ਅਹੁਦੇ ’ਤੇ ਤਾਇਨਾਤ ਨਹੀਂ ਕੀਤਾ ਜਾਂਦਾ ਹੈ। ਕੈਪਟਨ ਦੀ ਉਮਰ 80 ਸਾਲਾਂ ਦੇ ਲਗਭਗ ਹੈ, ਅਜਿਹੇ ’ਚ ਉਹ ਭਾਜਪਾ ਨੂੰ ਕਿਵੇਂ ਪਸੰਦ ਆ ਸਕਦੇ ਹਨ। ਭਾਜਪਾ ਨੀਤੀ ਅਨੁਸਾਰ ਕੈਪਟਨ ਦੀ ਸਿੱਧੀ ਮਾਰਗਦਰਸ਼ਕ ਮੰਡਲ ’ਚ ਹੀ ਲੈਂਡਿੰਗ ਹੋਵੇਗੀ। ਕੈਪਟਨ ਨੂੰ ਲੈ ਕੇ ਭਾਜਪਾ ਫੂਕ-ਫੂਕ ਕੇ ਕਦਮ ਰੱਖ ਰਹੀ ਹੈ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ ਦੇ ਸਮੇਂ ’ਚ ਭਲਕੇ ਤੋਂ ਹੋਵੇਗਾ ਬਦਲਾਅ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News