ਪੁਲਸ ਮੁਲਾਜ਼ਮ ਦੀ ਕੁੱਟਮਾਰ ਕਰਨ ਦੇ ਮਾਮਲੇ ''ਚ ਕੈਪਟਨ ਦੀ ਵੱਡੀ ਕਾਰਵਾਈ

09/14/2019 7:18:02 PM

ਚੰਡੀਗੜ੍ਹ/ਅੰਮ੍ਰਿਤਸਰ : ਲੋਪੋਕੇ ਥਾਣੇ ਅਧੀਨ ਆਉਂਦੇ ਪਿੰਡ ਚੋਗਾਵਾਂ 'ਚ ਰੇਡ ਕਰਨ ਗਏ ਪੁਲਸ ਮੁਲਾਜ਼ਮਾਂ ਦੀ ਕੁਝ ਲੋਕਾਂ ਵਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਐਕਸ਼ਨ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਕ ਨਾਰਕੋਟਿਕਸ ਦੀ ਛਾਪੇਮਾਰੀ ਕਰਨ ਵਾਲੀ ਟੀਮ ਇਕ ਸ਼ੱਕੀ ਵਿਅਕਤੀ 'ਤੇ ਛਾਪਾ ਮਾਰਨ ਲਈ ਇਕ ਪਿੰਡ ਗਈ ਸੀ ਅਤੇ ਇਸ ਛਾਪੇਮਾਰੀ ਦੇ ਇੰਚਾਰਜ ਇੰਸਪੈਕਟਰ ਨੂੰ ਕੁਝ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਇੰਸਪੈਕਟਰ ਦੇ ਨਾਲ ਇਕ ਏ. ਐੱਸ. ਆਈ. ਅਤੇ ਚਾਰ ਜਵਾਨਾਂ ਨੇ ਆਪਣੇ ਇੰਚਾਰਜ ਨੂੰ ਬਚਾਉਣ ਲਈ ਕੁਝ ਵੀ ਨਹੀਂ ਕੀਤਾ। ਕਾਇਰਤਾ ਭਰੇ ਇਸ ਵਿਵਹਾਰ ਨੂੰ ਵਰਦੀਧਾਰੀ ਪੁਲਸ ਫੋਰਸ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਪੰਜਾਂ ਨੂੰ ਅੱਜ ਪੁਲਸ ਬਲ ਤੋਂ ਡਿਸਮਿਸ ਕਰ ਦਿੱਤਾ ਗਿਆ ਹੈ ਅਤੇ ਜਿਨ੍ਹਾਂ ਨੇ ਪੁਲਸ ਅਧਿਕਾਰੀ 'ਤੇ ਹਮਲਾ ਕੀਤਾ ਸੀ, ਉਨ੍ਹਾਂ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਥੇ ਦੱਸਣਯੋਗ ਹੈ ਕਿ ਪਿੰਡ ਚੋਗਾਵਾਂ 'ਚ ਰੇਡ ਕਰਨ ਗਈ ਪੁਲਸ ਪਾਰਟੀ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਇਥੇ ਵੀ ਦੱਸਣਯੋਗ ਹੈ ਕਿ ਕੁੱਟਮਾਰ ਕਰਨ ਵਾਲੇ ਲੋਕਾਂ ਦਾ ਕਹਿਣਆ ਸੀ ਕਿ ਉਕਤ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਪਹਿਲਾਂ ਵੀ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਉਧਰ ਇਸ ਮਾਮਲੇ 'ਤੇ ਡੀ.ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਅਜਿਹੀ ਕਿਸੇ ਵੀ ਘਟਨਾ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਿਸ 'ਚ ਕਿਸੇ ਵੀ ਤਰੀਕੇ ਨਾਲ ਕਾਨੂੰਨ ਦੀ ਉਲੰਘਣਾ ਹੋਵੇ।

ਡੀ.ਜੀ.ਪੀ. ਨੇ ਦੱਸਿਆ ਕਿ ਮੁਲਜ਼ਮਾਂ 'ਚੋਂ ਇਕ ਅਮਨਦੀਪ ਸਿੰਘ ਜਿਸ ਖਿਲਾਫ ਕੁੱਝ ਹੀ ਦਿਨ ਪਹਿਲਾਂ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਹੋਇਆ ਸੀ ਅਤੇ 152 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਉਸੀ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਸ ਦੀ ਟੀਮ ਥਾਣਾ ਕੱਚਾ ਪੱਕੇ ਦੇ ਐੱਸ. ਆਈ. ਦੀ ਅਗਵਾਈ 'ਚ ਗਈ ਸੀ। ਡੀ. ਜੀ. ਪੀ. ਨੇ ਕਿਹਾ ਕਿ 6 ਮੁਲਜ਼ਮਾਂ ਨੂੰ ਇਸ ਮਾਰਕੁੱਟ ਦੀ ਘਟਨਾ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ 'ਚ ਐੱਸ.ਆਈ. ਦੇ ਨਾਲ ਬੁਰੀ ਤਰ੍ਹਾਂ ਮਾਰਕੁੱਟ ਕਰਨ ਵਾਲਾ ਗਗਨਦੀਪ ਸਿੰਘ ਵੀ ਸ਼ਾਮਲ ਹੈ। ਜਦੋਂਕਿ ਹੋਰ ਲੋਕਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh