ਮੁੱਖ ਮੰਤਰੀ ਦੇ ਨਿਰਦੇਸ਼ਾਂ ''ਤੇ ਪੈਨਸ਼ਨਧਾਰਕਾਂ ਲਈ 183 ਕਰੋੜ ਰੁਪਏ ਜਾਰੀ

04/07/2020 9:10:05 PM

ਜਲੰਧਰ,(ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਅੱਜ ਸਰਕਾਰ ਨੇ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਪੈਨਸ਼ਨਧਾਰਕਾਂ ਨੂੰ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਵੰਡ ਲਈ 183 ਕਰੋੜ ਰੁਪਏ ਦੀ ਰਕਮ ਜਾਰੀ ਕਰ ਦਿੱਤੀ ਹੈ। ਜਦਕਿ ਮਨਰੇਗਾ ਮਜ਼ਦੂਰਾਂ ਲਈ ਵੀ 296 ਕਰੋੜ ਰੁਪਏ ਜਾਰੀ ਕੀਤੇ ਗਏ ਹਨ। 89 ਕਰੋੜ ਰੁਪਏ ਦੀ ਰਕਮ ਨਿਰਮਾਣ ਖੇਤਰ 'ਚ ਲੱਗੇ ਮਜ਼ਦੂਰਾਂ ਲਈ ਜਾਰੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਇਨ੍ਹਾਂ ਮਜ਼ਦੂਰਾਂ ਨੂੰ 3000-3000 ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਸੀ।
ਮੁੱਖ ਮੰਤਰੀ ਦੇ ਹੁਕਮਾਂ 'ਤੇ ਜਾਰੀ ਕੀਤੀ ਗਈ ਪੈਨਸ਼ਨ ਰਕਮ ਨਾਲ ਸੂਬੇ ਦੇ 24.69 ਲੱਖ ਲਾਭਪਾਤਰੀਆਂ ਨੂੰ ਲਾਭ ਮਿਲੇਗਾ, ਜਿਨ੍ਹਾਂ ਵਿਚ ਬਜ਼ੁਰਗ, ਵਿਧਵਾ ਔਰਤਾਂ ਤੇ ਅਪਾਹਜ ਲੋਕ ਸ਼ਾਮਲ ਹਨ। ਵਿੱਤ ਵਿਭਾਗ ਵਲੋਂ ਜਾਰੀ ਕੀਤੀ ਗਈ ਮਨਰੇਗਾ ਰਕਮ 'ਚੋਂ 74 ਕਰੋੜ ਰੁਪਏ ਮਟੀਰੀਅਲ 'ਤੇ ਖਰਚ ਹੋਣਗੇ, ਜਦੋਂਕਿ ਬਾਕੀ 225 ਕਰੋੜ ਦੀ ਰਕਮ 1.30 ਲੱਖ ਵਰਕਰਾਂ ਨੂੰ ਵੰਡੀ ਜਾਵੇਗੀ। ਮਨਰੇਗਾ ਮਜ਼ਦੂਰਾਂ ਨੂੰ ਇਸ ਸਮੇਂ ਰੋਜ਼ਾਨਾ 241 ਦੀ ਬਜਾਏ 263 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ। ਕਿਰਤ ਵਿਭਾਗ ਨੂੰ ਵੀ 89 ਕਰੋੜ ਰੁਪਏ ਜਾਰੀ ਹੋਏ, ਜਿਨ੍ਹਾਂ ਵਿਚੋਂ 2.98 ਲੱਖ ਨਿਰਮਾਣ ਖੇਤਰ 'ਚ ਲੱਗੇ ਮਜ਼ਦੂਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਕੋਰੋਨਾ ਵਾਇਰਸ ਕਾਰਣ ਹਾਲਾਤ ਗੰਭੀਰ ਹੋ ਰਹੇ ਹਨ ਤੇ ਮਜ਼ਦੂਰਾਂ ਦੀ ਹਾਲਤ ਜ਼ਿਆਦਾ ਖਰਾਬ ਹੈ।

Deepak Kumar

This news is Content Editor Deepak Kumar