ਬਾਜਵਾ ਨੇ ਆਪਣੀ ਹੀ ਸਰਕਾਰ ਖਿਲਾਫ ਚੁੱਕਿਆ ਮੁੱਦਾ, ਕੈਪਟਨ ਤੋਂ ਮੰਗਿਆ ਜਵਾਬ

11/14/2017 7:37:19 PM

ਚੰਡੀਗੜ੍ਹ :  ਸਾਂਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਗੰਨੇ ਦੀ ਕੀਮਤ ਨਾ ਵਧਾਉਣ ਦਾ ਕਾਰਨ ਪੁੱਛਿਆ ਹੈ। ਉਨ੍ਹਾਂ ਨੇ ਪੁੱਛਿਆ ਹੈ ਕਿ ਹਰਿਆਣਾ ਵਿਚ ਗੰਨੇ ਦੀ ਸਟੇਟ ਐਡਵਾਈਜ਼ਰੀ ਕੀਮਤ 330 ਰੁਪਏ ਹੈ ਤਾਂ ਪੰਜਾਬ ਵਿਚ ਕਿਸਾਨਾਂ ਨੂੰ ਇਹ 300 ਰੁਪਏ ਕਿਉਂ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਕਿਸਾਨਾਂ ਨਾਲ ਬੇਇਨਸਾਫੀ ਹੈ ਅਤੇ ਉਨ੍ਹਾਂ ਦੀ ਸਟੇਟਸ ਐਡਵਾਈਜ਼ਰੀ ਕੀਮਤ 350 ਰੁਪਏ ਕੀਤੀ ਜਾਣੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਇਕ ਪਾਸੇ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਨੂੰ ਖੇਤੀ ਬਦਲਾਂ 'ਚ ਜਾਣ ਨੂੰ ਕਹਿ ਰਹੀਆਂ ਹਨ ਜਦਕਿ ਦੂਸਰੇ ਪਾਸੇ ਜਦੋਂ ਇਨ੍ਹਾਂ ਫਸਲਾਂ ਦਾ ਕਿਸਾਨਾਂ ਨੂੰ ਢੁੱਕਵਾਂ ਮੁੱਲ ਨਹੀਂ ਮਿਲੇਗਾ ਤਾਂ ਉਹ ਕਣਕ ਅਤੇ ਝੋਨੇ ਦੇ ਫਸਲੀ ਚੱਕਰ 'ਚੋਂ ਬਾਹਰ ਕਿਉਂ ਨਿਕਲਣਗੇ।
ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਤੋਂ ਪੰਜਾਬ ਵਿਚ ਗੰਨੇ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੀਨੀ ਦੀ ਕੀਮਤ ਇਸ ਸਮੇਂ 4100 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ ਅਤੇ ਸੂਬੇ ਦੀ 70 ਫੀਸਦੀ ਗੰਨੇ ਦਾ ਕੰਮ ਪ੍ਰਾਈਵੇਟ ਮਿੱਲਾਂ ਕਰਦੀਆਂ ਹਨ, ਅਜਿਹੇ ਵਿਚ ਸਰਕਾਰ 'ਤੇ ਜ਼ਿਆਦਾ ਬੋਝ ਵੀ ਨਹੀਂ ਪਵੇਗਾ।