ਪੰਜਾਬ ''ਚ ਤੇਲ ਕੀਮਤਾਂ ''ਚ ਕਟੌਤੀ ਤੋਂ ਕੈਪਟਨ ਦਾ ਇਨਕਾਰ

10/15/2018 7:04:28 PM

ਚੰਡੀਗੜ੍ਹ : ਪੰਜਾਬ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕਰਨ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨਕਾਰ ਕਰ ਦਿੱਤਾ ਹੈ। ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਇਨਕਮ ਦੇ ਤਿੰਨ ਹੀ ਸਾਧਨ ਹਨ (ਸ਼ਰਾਬ ਅਤੇ ਪੈਟਰੋਲ-ਡੀਜ਼ਲ)। ਜੇਕਰ ਪੰਜਾਬ ਸਰਕਾਰ ਪੈਟਰੋਲ-ਡੀਜ਼ਲ 'ਤੇ ਵੈਟ 'ਚ ਕਟੌਤੀ ਕਰਦੀ ਹੈ ਤਾਂ ਇਸ ਨਾਲ ਪੰਜਾਬ ਸਰਕਾਰ ਦਾ ਰੈਵੇਨਿਊ ਘੱਟ ਜਾਵੇਗਾ। ਜੇਕਰ ਰੈਵੇਨਿਊ ਘੱਟ ਗਿਆ ਤਾਂ ਸੂਬੇ ਨੂੰ ਕਿਵੇਂ ਚਲਾਇਆ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਇਸ ਮਹੀਨੇ ਦੇ ਅਖੀਰ ਵਿਚ ਹੋ ਰਹੀ ਮੀਟਿੰਗ 'ਚ ਇਸ ਬਾਬਤ ਵਿਚਾਰ ਵਟਾਂਦਰਾ ਕੀਤਾ ਜਾਵੇਗਾ। 

ਦੱਸਣਯੋਗ ਹੈ ਕਿ ਰੋਜ਼ਾਨਾ ਵੱਧ ਰਹੀਆਂ ਤੇਲ ਕੀਮਤਾਂ ਨੇ ਜਨਤਾ ਵਿਚ ਹਾਹਾਕਾਰ ਮਚਾ ਦਿੱਤੀ ਹੈ। ਛੇ ਸੂਬਿਆਂ ਵਲੋਂ ਪੈਟਰੋਲ-ਡੀਜ਼ਲ 'ਤੇ ਲਗਾਏ ਜਾਂਦੇ ਵੈਟ 'ਤੇ ਕਟੌਤੀ ਕਰਕੇ ਜਨਤਾ ਨੂੰ ਕੁਝ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਨੇ ਅਜੇ ਤਕ ਇਸ ਸੰਬੰਧੀ ਕੋਈ ਫੈਸਲਾ ਨਹੀਂ ਲਿਆ। ਇਸ ਤੋਂ ਪਹਿਲਾਂ ਤੇਲ ਕੀਮਤਾਂ 'ਚ ਘਾਟੇ ਨੂੰ ਲੈ ਕੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਮਨਪ੍ਰੀਤ ਵਿਚਾਲੇ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਜੋ ਬੇਸਿੱਟਾ ਰਹੀਆਂ ਹਨ।