ਮੁੱਖ ਮੰਤਰੀ ਵੱਲੋਂ ਪਟਿਆਲਵੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ

12/31/2018 6:47:46 PM

ਪਟਿਆਲਾ (ਜੋਸਨ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਸ਼ਹਿਰ ਵਾਸੀਆਂ ਲਈ ਫੇਫੜਿਆਂ ਦਾ ਕੰਮ ਕਰਦੇ ਬਾਰਾਂਦਰੀ ਬਾਗ ਵਿਖੇ ਪਿਛਲੇ ਕਰੀਬ 10 ਸਾਲਾਂ ਤੋਂ ਬੰਦ ਪਏ ਪਾਣੀ ਵਾਲੇ ਫ਼ੁਹਾਰਿਆਂ ਦਾ ਨਵੀਨੀਕਰਨ ਕਰਕੇ ਇਨ੍ਹਾਂ ਨੂੰ ਚਲਵਾ ਦਿੱਤਾ ਹੈ। ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਦੀ ਵਿਸ਼ੇਸ਼ ਦੇਖ-ਰੇਖ ਹੇਠ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਸ਼ਹਿਰ ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੁੰਦਰ ਤੇ ਮਨਮੋਹਕ ਬਨਾਉੁਣ ਲਈ ਅਰੰਭੇ ਪ੍ਰਾਜੈਕਟ ਤਹਿਤ ਸ਼ਹਿਰ 'ਚ ਲੱਗੇ ਸਾਰੇ ਪੁਰਾਣੇ ਫ਼ੁਹਾਰੇ ਚਾਲੂ ਕੀਤੇ ਜਾ ਰਹੇ ਹਨ।
ਇਨ੍ਹਾਂ ਸਮੁੱਚੇ ਪ੍ਰਾਜੈਕਟਾਂ ਦੀ ਨਿਗਰਾਨੀ ਕਰ ਰਹੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਸੁਪਨਾ ਸੀ ਕਿ ਇਸ ਪੁਰਾਤਨ ਤੇ ਇਤਿਹਾਸਕ ਸ਼ਹਿਰ ਨੂੰ ਸਭ ਤੋਂ ਸੋਹਣੇ ਤੇ ਸਾਫ਼ ਸੁਥਰੇ ਸ਼ਹਿਰ ਵਜੋਂ ਵਿਕਸਤ ਕੀਤਾ ਜਾਵੇ, ਜਿਸ ਲਈ ਬਾਰਾਂਦਰੀ ਬਾਗ ਵਿਖੇ ਲੱਗੇ ਸਾਰੇ ਪੁਰਾਣੇ ਫ਼ੁਹਾਰੇ, ਜੋ ਕਿ ਬੰਦ ਪਏ ਸਨ, ਨੂੰ ਚਾਲੂ ਕਰਨ ਲਈ ਜਲ ਨਿਕਾਸ ਵਿਭਾਗ ਨੂੰ ਜਿੰਮਾ ਸੌਂਪਿਆ ਗਿਆ ਸੀ। ਕੁਮਾਰ ਨੇ ਦੱਸਿਆ ਕਿ ਪਹਿਲੇ ਪੜਾਅ ਹੇਠ ਬਾਰਾਂਦਰੀ ਬਾਗ 'ਚ ਲੱਗੇ ਤੇ ਬੰਦ ਪਏ 6 ਫ਼ੁਹਾਰਿਆਂ ਦਾ ਨਵੀਨੀਕਰਨ ਕਰਕੇ ਇਨ੍ਹਾਂ ਨੂੰ ਚਲਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਥੇ ਮਾਲ ਰੋਡ 'ਤੇ ਲੱਗੇ ਫ਼ੁਹਾਰਿਆਂ ਨੂੰ ਵੀ ਨਵੀਂ ਦਿੱਖ ਪ੍ਰਦਾਨ ਕਰਦਿਆਂ ਇਨ੍ਹਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਦੀ ਸੁੰਦਰਤਾ 'ਚ ਹੋਰ ਵੀ ਨਿਖਾਰ ਆਵੇਗਾ।

Gurminder Singh

This news is Content Editor Gurminder Singh