ਪੰਜਾਬ ਸਰਕਾਰ ਦੇ ਆਖਰੀ ਬਜਟ ਇਜਲਾਸ ''ਚ ਪੁੱਜੇ ਨਵਜੋਤ ਸਿੰਘ ਸਿੱਧੂ

03/01/2021 6:23:56 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਇਜਲਾਸ ਅੱਜ ਸੋਮਵਾਰ ਨੂੰ ਵਿਰੋਧੀ ਧਿਰਾਂ ਦੇ ਹੰਗਾਮਾ ਨਾਲ ਸ਼ੁਰੂ ਹੋ ਗਿਆ। ਇਸ ਬਜਟ ਇਜਲਾਸ ਦੇ ਜਿੱਥੇ ਹੰਗਾਮਾ ਭਰਪੂਰ ਹੋਣ ਦੇ ਆਸਾਰ ਹਨ, ਉਥੇ ਹੀ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਸਿਆਸਤ ਤੋਂ ਦੂਰੀ ਬਣਾ ਕੇ ਬੈਠੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਵਿਚ ਸ਼ਮੂਲੀਅਤ ਕੀਤੀ ਹੈ। 2019 ਦੀ ਲੋਕ ਸਭਾ ਚੋਣਾਂ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਇਹ ਦੂਜੀ ਵਾਰ ਹੋ ਜਦੋਂ ਸਿੱਧੂ ਨੇ ਵਿਧਾਨ ਸਭਾ ਦੀ ਕਾਰਵਾਈ ਵਿਚ ਹਾਜ਼ਰ ਲਗਵਾਈ ਹੋਵੇ।

ਇਹ ਵੀ ਪੜ੍ਹੋ : ਕੀ ਕਾਂਗਰਸ ਹਾਈਕਮਾਂਡ ਨਵਜੋਤ ਸਿੱਧੂ ਨੂੰ ਡਿਪਟੀ ਸੀ. ਐੱਮ ਦਾ ਅਹੁਦਾ ਦੇ ਕੇ ਨਿਵਾਜ਼ੇਗੀ ਜਾਂ ਫਿਰ...?

ਵਿਸ਼ੇਸ਼ ਇਜਲਾਸ 'ਚ ਵੀ ਸਿੱਧੂ ਨੇ ਭਰੀ ਸੀ ਹਾਜ਼ਰੀ
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬੁਲਾਏ ਗਏ ਇਕ ਦਿਨਾਂ ਵਿਸ਼ੇਸ਼ ਇਜਲਾਸ ਵਿਚ ਵੀ ਸਿੱਧੂ ਨੇ ਹਾਜ਼ਰੀ ਭਰੀ ਸੀ। ਇਸ ਇਜਲਾਸ ਵਿਚ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਹਾਂ ਦਾ ਨਾਅਰਾ ਮਾਰਦੇ ਹੋਏ, ਪੰਜਾਬ ਸਰਕਾਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਸੂਬੇ ਵਿਚ ਰੱਦ ਕਰਨ ਦੇ ਫ਼ੈਸਲੇ ਨੂੰ ਦਰੁਸਤ ਦੱਸਿਆ ਸੀ। ਉਸ ਸਮੇਂ ਸਿੱਧੂ ਨੇ ਆਖਿਆ ਸੀ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਮੁੱਖ ਮੰਤਰੀ ਦਾ ਫ਼ੈਸਲਾ ਕੇਂਦਰ ਦੇ ਕਾਲੇ ਕਾਨੂੰਨਾਂ ਦੇ ਮੂੰਹ ’ਤੇ ਚਪੇੜ ਹੈ ਅਤੇ ਇਸ ਚਪੇੜ ਦੀ ਗੂੰਜ ਸਾਰੇ ਹਿੰਦੁਸਤਾਨ ਵਿਚ ਸੁਣਾਈ ਦੇਵੇਗੀ। ਜਿਵੇਂ ਹੀ ਸਿੱਧੂ ਵਿਧਾਨ ਸਭਾ ਵਿਚ ਸੰਬੋਧਨ ਲਈ ਖੜ੍ਹੇ ਹੋਏ ਤਾਂ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਨਜ਼ਰਾਂ ਸਿੱਧੂ ’ਤੇ ਜਾ ਟਿਕੀਆਂ ਅਤੇ ਜਿਵੇਂ ਹੀ ਸਿੱਧੂ ਨੇ ਮੁੱਖ ਮੰਤਰੀ ਦੇ ਫ਼ੈਸਲੇ ਨੂੰ ਕੇਂਦਰੀ ਕਾਨੂੰਨਾਂ ਦੇ ਮੂੰਹ ’ਤੇ ਚਪੇੜ ਵਾਂਗ ਦੱਸਿਆ ਤਾਂ ਵਿਧਾਨ ਸਭਾ ਅੰਦਰ ਮੌਜੂਦ ਮੰਤਰੀਆਂ ਅਤੇ ਵਿਧਾਇਕਾਂ ਨੇ ਮੇਜ ਥਾਪੜ ਕੇ ਇਸ ਦੀ ਹਿਮਾਇਤ ਕੀਤੀ ਸੀ।

ਇਹ ਵੀ ਪੜ੍ਹੋ : ਮਾਮਲਾ ਅਗਲੇ ਮੁੱਖ ਮੰਤਰੀ ਦਾ, ਪੰਜਾਬ ਕਾਂਗਰਸ ’ਚ ਵੀ ਖੜਕਾ-ਦੜਕਾ ਸ਼ੁਰੂ!

ਕੈਪਟਨ-ਸਿੱਧੂ ਵਿਚਾਲੇ ਘੱਟ ਹੋਈ ਤਲਖੀ
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੇ ਯਤਨਾਂ ਸਦਕਾ 2019 ਦੀ ਲੋਕ ਸਭਾ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਪੈਦਾ ਹੋਈ ਤਲਖੀ ਘੱਟ ਹੁੰਦੀ ਨਜ਼ਰ ਆ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਮੁੱਖ ਮੰਤਰੀ ਨੇ ਸਿੱਧੂ ਦੀ ਕੈਬਨਿਟ ਵਿਚ ਵਾਪਸੀ ਲਈ ਹਾਂ ਕਰ ਦਿੱਤੀ ਹੈ। ਸੰਭਵ ਹੈ ਕਿ ਇਸ ਬਜਟ ਇਜਲਾਸ ਤੋਂ ਬਾਅਦ ਸਿੱਧੂ ਦੀ ਕੈਬਨਿਟ ਵਿਚ ਵਾਪਸੀ ਹੋ ਸਕਦੀ ਹੈ। ਉਂਝ ਬੀਤੇ ਦਿਨੀਂ ਸਿੱਧੂ ਦਾ ਮੁੱਖ ਮੰਤਰੀ ਵਲੋਂ ਲੰਚ ਦੇ ਸੱਦੇ 'ਤੇ ਨਾ ਪੁੱਜਣਾ ਵੀ ਚਰਚਾ ਵਿਚ ਬਣਾਇਆ ਹੈ। ਉਧਰ ਕੁੱਝ ਮਹੀਨਿਆਂ ਬਾਅਦ ਵਿਚ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੇ ਵਿਚ ਕਾਂਗਰਸ ਹਾਈਕਮਾਂਡ ਵੀ ਸਿੱਧੂ ਨੂੰ ਜਲਦ ਕਿਸੇ ਤਣ-ਪਤਣ ਲਗਾਉਣ ਦਾ ਸੋਚ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ 'ਤੇ ਕੋਰੋਨਾ ਦਾ ਸਾਇਆ, ਕਾਂਗਰਸ ਦੇ 2 ਹੋਰ ਵਿਧਾਇਕ ਆਏ ਪਾਜ਼ੇਟਿਵ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh