ਕੈਪਟਨ ਨੇ ਫੌਜ ''ਚ ਨੌਕਰੀ ਦੌਰਾਨ ਖੁਦ ਨੂੰ ਮਿਲੇ ਮੈਡਲਾਂ ਦਾ ਕੀਤਾ ਖੁਲਾਸਾ

07/27/2019 6:55:43 PM

ਜਲੰਧਰ,(ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਖੁਲਾਸਾ ਕੀਤਾ ਹੈ ਕਿ ਸਿਆਸਤ 'ਚ ਆਉਣ ਤੋਂ ਪਹਿਲਾਂ ਫੌਜ 'ਚ ਨੌਕਰੀ ਕਰਦੇ ਸਮੇਂ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਕਈ ਮੈਡਲ ਮਿਲੇ ਸਨ। ਕਾਰਗਿਲ ਵਿਜੇ ਦਿਵਸ ਮੌਕੇ ਉਨ੍ਹਾਂ ਫੌਜ 'ਚ ਆਪਣੀਆਂ ਸੇਵਾਵਾਂ ਦੌਰਾਨ ਮਿਲੇ ਐਵਾਰਡਾਂ ਨੂੰ ਲਾ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੀ ਇਸ ਸਬੰਧੀ ਤਸਵੀਰ ਸ਼ੋਸਲ ਮੀਡੀਆ 'ਤੇ ਪ੍ਰਸਾਰਿਤ ਹੋਣ ਪਿਛੋਂ ਟਵੀਟਰ 'ਤੇ ਕਈ ਮਿੱਤਰਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਉਨ੍ਹਾਂ ਨੂੰ ਫੌਜ 'ਚ ਨੌਕਰੀ ਕਰਦੇ ਸਮੇਂ ਕਿਹੜੇ-ਕਿਹੜੇ ਮੈਡਲ ਮਿਲੇ ਸਨ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਫੌਜ 'ਚ ਨੌਕਰੀ ਦੌਰਾਨ ਉਨ੍ਹਾਂ ਨੂੰ ਰੱਖਿਆ ਮੈਡਲ, ਸਮਰ ਸੇਵਾ ਮੈਡਲ ਤੇ ਸੈਨਾ ਸੇਵਾ ਮੈਡਲ ਮਿਲੇ ਸਨ। ਉਹ ਫੌਜੀਆਂ ਦੇ ਹਰ ਸਮਾਰੋਹ 'ਚ ਇਨ੍ਹਾਂ ਮੈਡਲਾਂ ਨੂੰ ਆਪਣੀ ਛਾਤੀ 'ਤੇ ਲਾ ਕੇ ਜਾਂਦੇ ਹਨ। ਇਨ੍ਹਾਂ ਮੈਡਲਾਂ ਨੂੰ ਦੇਖ ਕੇ ਉਨ੍ਹਾਂ ਦੀ ਫੌਜ 'ਚ ਕੰਮ ਕਰਨ ਵਾਲੀ ਯਾਦ ਤਾਜ਼ਾ ਹੋ ਜਾਂਦੀ ਹੈ । ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਇਸ ਗੱਲ 'ਤੇ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਫੌਜ 'ਚ ਰਹਿ ਕੇ ਆਪਣੇ ਦੇਸ਼ ਦੀ ਸੇਵਾ ਕੀਤੀ ਹੈ।

ਮੁੱਖ ਮੰਤਰੀ ਕੋਲੋਂ ਉਕਤ ਸਵਾਲ ਸੁਦੀਪ ਸਿੰਘ ਵਲੋਂ ਪੁੱਛਿਆ ਗਿਆ ਸੀ ਜੋ ਇਸ ਸਮੇਂ ਬੇਂਗਲੁਰੂ 'ਚ ਰਹਿੰਦੇ ਹਨ। ਮੁੱਖ ਮੰਤਰੀ ਵਲੋਂ ਦਿੱਤੇ ਗਏ ਜਵਾਬ ਦਾ ਸੁਦੀਪ ਸਿੰਘ ਨੇ ਸਵਾਗਤ ਕੀਤਾ ਅਤੇ ਟਵੀਟ ਨੂੰ ਰੀ-ਟਵੀਟ ਕੀਤਾ । ਕੈਪਟਨ ਅਮਰਿੰਦਰ ਸਿੰੰਘ ਦਾ ਫੌਜ ਪ੍ਰਤੀ ਮੋਹ ਸਭ ਨੂੰ ਪਤਾ ਹੈ। ਜਵਾਨਾਂ ਅਤੇ ਸੇਵਾਮੁਕਤ ਫੌਜੀਆਂ ਲਈ ਉਹ ਆਪਣੇ ਵਲੋਂ ਹਰ ਸਾਲ ਕੁਝ ਨ ਕੁਝ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਸਮਾਰੋਹਾਂ ਲਈ ਵੀ ਵਿਸ਼ੇਸ਼ ਤੌਰ 'ਤੇ ਹਿੱਸੇ ਲੈਂਦੇ ਹਨ। ਮੁੱਖ ਮੰਤਰੀ ਨੇ ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਦੀ ਸ਼ਨੀਵਾਰ ਬਰਸੀ 'ਤੇ ਕਿਹਾ ਕਿ ਭਾਰਤ ਨੇ ਅੱਜ ਦੇ ਦਿਨ 4 ਸਾਲ ਪਹਿਲਾਂ ਆਪਣਾ ਮਿਜ਼ਾਈਲ ਮੈਨ ਗਵਾ ਲਿਆ ਸੀ। ਡਾਕਟਰ ਕਲਾਮ ਨੇ ਸਾਨੂੰ ਸਿਖਾਇਆ ਸੀ ਕਿ ਸਾਨੂੰ ਸੁਪਨੇ ਦੇਖਣੇ ਚਾਹੀਦੇ ਹਨ। ਡਾ. ਕਲਾਮ ਸਵਾ ਕਰੋੜ ਭਾਰਤੀਆਂ ਲਈ ਹਮੇਸ਼ਾ ਪ੍ਰੇਰਨਾ ਦਾ ਸੋਮਾ ਬਣੇ ਰਹਿਣਗੇ।