ਨਸ਼ੇ ਦੇ ਮੁੱਦੇ ''ਤੇ ਕੈਪਟਨ ਦਾ ਹਰਸਿਮਰਤ ''ਤੇ ਪਲਟ ਵਾਰ

06/04/2019 6:57:13 PM

ਚੰਡੀਗੜ੍ਹ (ਅਸ਼ਵਨੀ) : ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਨੂੰ ਗੁੰਮਰਾਹਕੁਨ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਿੰਮੇਵਾਰੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਨਸ਼ਿਆਂ ਵਰਗੇ ਗੰਭੀਰ ਮੁੱਦਿਆਂ ਨੂੰ ਵਰਤ ਰਿਹਾ ਹੈ। ਸੂਬੇ ਵਿਚ ਨਸ਼ਿਆਂ ਨੂੰ ਨੱਥ ਪਾਉਣ 'ਚ ਅਸਫਲ ਰਹਿਣ ਬਾਰੇ ਕੈਪਟਨ ਸਰਕਾਰ 'ਤੇ ਲਾਏ ਦੋਸ਼ਾਂ 'ਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਹਰਸਿਮਰਤ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਪਿਛਲੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਗੁਨਾਹਾਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਵਜੋਂ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਉਨ੍ਹਾਂ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਡਰੱਗ ਨੀਤੀ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਦੀ ਟਿੱਪਣੀ ਨਾਲ ਉਸ ਦੀ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਬੇਸਮਝੀ ਦਾ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦੀ ਸੱਤਾ ਨੇ ਨਸ਼ਾ ਮਾਫੀਆ ਨੂੰ ਖੁੱਲ੍ਹ ਕੇ ਖੇਡਣ ਦੀ ਖੁੱਲ੍ਹ ਦੇ ਕੇ ਨੌਜਵਾਨਾਂ ਦਾ ਜੀਵਨ ਤਬਾਹ ਕਰ ਦਿੱਤਾ ਅਤੇ ਲੋਕਾਂ ਵਿਚ ਪੂਰੀ ਤਰ੍ਹਾਂ ਭਰੋਸਾ ਗਵਾ ਚੁੱਕੇ ਬਾਦਲਾਂ 'ਚ ਇਸ ਭਰੋਸੇ ਦੀ ਮੁੜ ਬਹਾਲੀ ਲਈ ਹਰਸਿਮਰਤ ਨਿਰਾਸ਼ਾ ਵਿਚ ਅਜਿਹੇ ਬਿਆਨ ਦਾਗ ਰਹੀ ਹੈ।

ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਾ ਸਿਰਫ ਨਸ਼ਾ ਮਾਫੀਆ ਦਾ ਲੱਕ ਤੋੜਿਆ ਹੈ ਸਗੋਂ ਇਸ ਨੇ ਬਹੁਮਤ ਤਸਕਰਾਂ ਤੇ ਡੀਲਰਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਹੈ ਜਦਕਿ ਕੁਝ ਹੋਰ ਮੁੱਠੀ ਭਰ ਸੂਬਾ ਛੱਡ ਕੇ ਫਰਾਰ ਹੋ ਗਏ ਹਨ। ਲਾਜ਼ਮੀ ਤੌਰ 'ਤੇ ਹਰਸਿਮਰਤ ਨੇ ਆਪਣੇ ਨਿੱਜੀ ਹਿੱਤਾਂ ਦੇ ਮੱਦੇਨਜ਼ਰ ਕਦੇ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਕਿਸ ਤਰ੍ਹਾਂ ਗ੍ਰਿਫਤਾਰ ਕੀਤੇ ਗਏ ਹਨ ਅਤੇ ਪੰਜਾਬ ਸਰਕਾਰ ਵਲੋਂ ਓ.ਓ.ਏ.ਟੀ. ਕਲੀਨਿਕਾਂ 'ਚ ਕਿੰਨੇ ਨੌਜਵਾਨਾਂ ਦਾ ਇਲਾਜ ਚੱਲ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੀ ਗੁੰਮਰਾਹ ਕਰਨ ਦੀ ਪ੍ਰਵਿਰਤੀ ਨੇ ਉਨ੍ਹਾਂ ਨੂੰ ਇਸ ਤੱਥ ਤੋਂ ਮੁਨਕਰ ਕਰ ਦਿੱਤਾ ਹੈ ਕਿ 10 ਸਾਲਾਂ ਦਾ ਮਾੜਾ ਦੌਰ ਹੰਡਾਉਣ ਵਾਲੇ ਪੰਜਾਬੀ ਹੁਣ ਇਨ੍ਹਾਂ ਦੇ ਝੂਠਾਂ ਅਤੇ ਮਨਘੜਤ ਗੱਲਾਂ ਨਾਲ ਮੂਰਖ ਬਣਨ ਵਾਲੇ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ (ਹਰਸਿਮਰਤ) ਨੂੰ ਇੰਨੀ ਵੀ ਸਮਝ ਨਹੀਂ ਹੈ ਕਿ ਨਸ਼ਾ ਇਕ ਅੰਤਰ-ਰਾਜੀ ਸਮੱਸਿਆ ਹੈ ਅਤੇ ਇਸ ਦਾ ਕੌਮੀ ਪ੍ਰਭਾਵ ਹੈ। ਕੁਝ ਸੂਬਿਆਂ 'ਚ ਪੋਸਤ ਦੀ ਪੈਦਾਵਾਰ ਕਾਨੂੰਨੀ ਤੌਰ 'ਤੇ ਜਾਇਜ਼ ਹੈ ਅਤੇ ਪਾਕਿਸਤਾਨ ਵਲੋਂ ਵੀ ਸਰਹੱਦ ਪਾਰ ਤੋਂ ਨਸ਼ੇ ਸਪਲਾਈ ਕੀਤੇ ਜਾ ਰਹੇ ਹਨ।

Gurminder Singh

This news is Content Editor Gurminder Singh