ਵਿਭਾਗ ਬਦਲੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਦਾ ਫੇਸਬੁੱਕ ''ਤੇ ਧਮਾਕਾ

06/08/2019 6:49:05 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤਲਖੀ ਵਧਣ ਅਤੇ ਸਥਾਨਕ ਸਰਕਾਰਾਂ ਵਿਭਾਗ 'ਚੋਂ ਛੁੱਟੀ ਹੋਣ 'ਤੇ ਨਾਰਾਜ਼ ਚੱਲ ਰਹੇ ਹਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਤੱਥਾਂ 'ਤੇ ਆਪਣੇ ਵਿਭਾਗ ਦੀਆਂ ਉਪਲੱਬਧੀਆਂ ਗਿਣਵਾਈਆਂ ਹਨ। ਸਿੱਧੂ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ ਪੰਜ ਸੀਟਾਂ ਉਨ੍ਹਾਂ ਦੇ ਵਿਭਾਗ ਕਰਕੇ ਨਹੀਂ ਹਾਰੀਆਂ ਹਨ ਜਦਕਿ ਕਾਂਗਰਸ ਨੇ 8 ਸੀਟਾਂ 'ਤੇ ਜਿੱਤ ਹੀ ਸ਼ਹਿਰੀ ਵੋਟਾਂ ਦੇ ਸਿਰ 'ਤੇ ਹਾਸਲ ਕੀਤੀ ਹੈ। 

ਸਿੱਧੂ ਨੇ ਫੇਸਬੁੱਕ 'ਤੇ ਪਾਈ ਪੋਸਟ ਵਿਚ ਕਿਹਾ ਕਿ 'ਸੂਬੇ ਦੇ 25 ਨਿਰੋਲ ਸ਼ਹਿਰੀ ਹਲਕਿਆਂ ਵਿਚੋਂ ਕਾਂਗਰਸ ਨੇ 16 ਸੀਟਾਂ 'ਤੇ ਜਿੱਤ ਦਾ ਝੰਡਾ ਲਹਿਰਾਇਆ ਇਨ੍ਹਾਂ ਹਲਕਿਆਂ ਵਿਚ ਅੰਮ੍ਰਿਤਸਰ ਉੱਤਰੀ-ਦੱਖਣੀ-ਪੂਰਬੀ-ਪੱਛਮੀ-ਕੇਂਦਰੀ, ਤਰਨ ਤਾਰਨ, ਜਲੰਧਰ-ਪੱਛਮੀ, ਜਲੰਧਰ ਛਾਉਣੀ, ਮੋਹਾਲੀ, ਖ਼ਰੜ, ਲੁਧਿਆਣਾ ਉੱਤਰੀ-ਪੂਰਬੀ-ਪੱਛਮੀ-ਕੇਂਦਰੀ, ਖੰਨਾ ਤੇ ਪਟਿਆਲਾ ਸ਼ਾਮਲ ਹਨ। ਜਿਹੜੀਆਂ 9 ਸੀਟਾਂ ਅਸੀਂ ਗਵਾਈਆਂ ਹਨ, ਉਨ੍ਹਾਂ ਵਿਚ ਪਠਾਨਕੋਟ, ਜਲੰਧਰ-ਉੱਤਰੀ-ਕੇਂਦਰੀ, ਹੁਸ਼ਿਆਰਪੁਰ ਲੁਧਿਆਣਾ-ਦੱਖਣੀ, ਆਤਮ ਨਗਰ, ਫ਼ਿਰੋਜ਼ਪੁਰ, ਬਠਿੰਡਾ ਸ਼ਹਿਰੀ ਅਤੇ ਸੰਗਰੂਰ ਸ਼ਾਮਲ ਹਨ।

ਸਾਲ 2014 ਵਿਚ ਕਾਂਗਰਸ ਪਾਰਟੀ ਨੇ 13 ਵਿਚੋਂ ਕੁੱਲ 3 ਸੀਟਾਂ ਜਿੱਤੀਆਂ ਸਨ, ਜਿਨਾਂ ਵਿਚ 37 ਅਸੈਂਬਲੀ ਹਲਕੇ ਸਨ ਪਰ ਹੁਣ ਇਹ ਗਿਣਤੀ ਵਧਕੇ 8 ਹੋ ਗਈ ਜਿਨ੍ਹਾਂ ਵਿਚ ਕੁੱਲ 69 ਵਿਧਾਨ ਸਭਾ ਹਲਕੇ ਬਣਦੇ ਹਨ ਅਤੇ ਇੰਨ੍ਹਾਂ ਵਿਚੋਂ 34 ਹਲਕੇ ਸ਼ਹਿਰੀ ਖੇਤਰ ਵਿਚ ਆਉਂਦੇ ਹਨ। ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਜਲੰਧਰ ਤੇ ਮੋਹਾਲੀ ਵਰਗੇ ਸ਼ਹਿਰਾਂ ਵਿਚ ਜਿੱਤਣਾ ਇਕ ਵੱਡੀ ਸਫ਼ਲਤਾ ਹੈ। ਜੇਕਰ 2017 ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਝਾਤ ਮਾਰੀਏ ਤਾਂ 65 ਫੀਸਦ ਫਤਵਾ ਕਾਂਗਰਸ ਪਾਰਟੀ ਦੇ ਹੱਕ ਵਿਚ ਸੀ ਜਦਕਿ ਹੁਣ 2019 ਲੋਕ ਸਭਾ ਚੋਣਾਂ ਦੌਰਾਨ ਕਾਮਯਾਬੀ 61 ਫੀਸਦ ਰਹੀ।'

ਦੂਜੇ ਪਾਸੇ ਵਿਭਾਗ ਬਦਲਣ ਤੋਂ ਨਾਰਾਜ਼ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਗਏ ਹੋਏ ਹਨ ਪਰ ਰਾਹੁਲ ਗਾਂਧੀ ਕੇਰਲਾ ਦੌਰੇ 'ਤੇ ਹੋਣ ਕਾਰਨ ਅਜੇ ਤਕ ਸਿੱਧੂ ਦੀ ਰਾਹੁਲ ਨਾਲ ਮੁਲਾਕਾਤ ਨਹੀਂ ਹੋ ਸਕੀ ਹੈ। ਬਹਿਰਹਾਲ ਅਜੇ ਤਕ ਸਿੱਧੂ ਵਲੋਂ ਬਿਜਲੀ ਮੰਤਰਾਲੇ ਦਾ ਚਾਰਜ ਵੀ ਨਹੀਂ ਸੰਭਾਲਿਆ ਗਿਆ ਹੈ, ਜਿਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਹ ਵੀ ਦੇਖਣ ਵਾਲਾ ਹੋਵੇਗਾ ਕਿ ਸਿੱਧੂ ਦਾ ਅਗਲਾ ਕਦਮ ਕੀ ਹੁੰਦਾ ਹੈ।

Gurminder Singh

This news is Content Editor Gurminder Singh