ਕੈਪਟਨ ਅਮਰਿੰਦਰ ਸਿੰਘ ਵੱਲੋਂ ਫਾਈਲਾਂ ਦੀ ਮੂਵਮੈਂਟ ਲਈ ਈ-ਆਫਿਸ ਲਾਂਚ

11/01/2019 7:01:37 PM

ਚੰਡੀਗੜ੍ਹ,(ਅਸ਼ਵਨੀ) : ਸਰਕਾਰ ਨੂੰ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਫੈਸਲੇ ਲੈਣ ਦੇ ਮਨੋਰਥ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਈ-ਆਫਿਸ ਸੁਵਿਧਾ ਲਾਂਚ ਕੀਤੀ, ਜਿਸ ਨਾਲ ਸਰਕਾਰੀ ਫਾਈਲਾਂ ਦੀ ਮੂਵਮੈਂਟ ਇਲੈਕਟ੍ਰਾਨਿਕ ਵਿਧੀ ਨਾਲ ਆਨਲਾਈਨ ਹੋਵੇਗੀ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਇਸ ਨਿਵੇਕਲੇ ਉਦਮ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਭਵਨ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਕੈਬਨਿਟ ਦੇ ਸਾਥੀਆਂ ਸਣੇ ਇਸ ਹਾਈਟੈੱਕ ਵਿਭਾਗੀ ਤੇ ਅੰਤਰ-ਵਿਭਾਗੀ ਸੁਵਿਧਾ ਨੂੰ ਲਾਂਚ ਕਰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੇ ਵੱਡੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਸੂਚਨਾ ਤਕਨਾਲੋਜੀ ਦੇ ਖੇਤਰ 'ਚ ਆਉਂਦੀਆਂ ਨਵੀਆਂ ਤਕਨੀਕਾਂ ਨੂੰ ਨਿਰੰਤਰ ਲਾਗੂ ਕਰਦੇ ਰਹਿਣ। ਮੁੱਖ ਮੰਤਰੀ ਨੇ ਪ੍ਰਸ਼ਾਸਕੀ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਇਸ ਨੇਕ ਉਪਰਾਲੇ ਲਈ ਸ਼ਲਾਘਾ ਕੀਤੀ, ਜਿਸ ਸਦਕਾ ਸਾਰੇ ਪ੍ਰਸ਼ਾਸਕੀ ਵਿਭਾਗ ਤੇ ਸਮੂਹ ਡਿਪਟੀ ਕਮਿਸ਼ਨਰ ਦਫਤਰ ਪੋਰਟਲ 'ਤੇ ਤੁਰੰਤ ਲਾਈਵ ਹੋ ਕੇ ਸਾਰੀਆਂ ਨਵੀਆਂ ਫਾਈਲਾਂ ਤੇ ਵਿਚਾਰ ਅਧੀਨ ਪੱਤਰਾਂ ਨੂੰ ਅਪਲੋਡ ਕਰ ਸਕਣਗੇ।

ਸਰਕਾਰੀ ਸੇਵਾਵਾਂ ਨੂੰ ਨਿਰਵਿਘਨ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਨਿਭਾਉਦਿਆਂ ਕੈਪਟਨ ਨੇ ਮੁੱਖ ਸਕੱਤਰ ਨੂੰ ਮਾਲ ਰਿਕਾਰਡ ਦੀ ਆਨਲਾਈਨ ਟਰਾਂਸਮਿਸ਼ਨ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਕਿਹਾ, ਜਿਸ ਦੀ ਉਹ ਨਿੱਜੀ ਤੌਰ 'ਤੇ ਨਿਰੰਤਰ ਸਮੀਖਿਆ ਕਰ ਰਹੇ ਹਨ। ਉਨ੍ਹਾਂ ਸਾਰੇ ਵਿਭਾਗਾਂ ਤੇ ਹੋਰ ਫੀਲਡ ਦਫਤਰਾਂ ਲਈ ਪਹਿਲੀ ਜਨਵਰੀ 2020 ਤੱਕ ਨਵਾਂ ਈ-ਆਫਿਸ ਸਿਸਟਮ ਅੱਪਗ੍ਰੇਡ ਕਰਨ ਦੀ ਸਮਾਂ ਸੀਮਾ ਤੈਅ ਕੀਤੀ। ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਵਿਸਥਾਰ 'ਚ ਪੇਸ਼ਕਾਰੀ ਦਿੰਦਿਆਂ ਮੁੱਖ ਮੰਤਰੀ ਨੂੰ ਦੱਸਿਆ ਕਿ ਪ੍ਰਸ਼ਾਸਕੀ ਸੁਧਾਰ ਵਿਭਾਗ ਵੱਲੋਂ ਪਹਿਲਾਂ ਹੀ ਸਾਰੇ ਪ੍ਰਸ਼ਾਸਕੀ ਸਕੱਤਰਾਂ ਤੇ ਚੰਡੀਗੜ੍ਹ ਤਾਇਨਾਤ ਆਈ. ਏ. ਐਸ. ਤੇ ਪੀ. ਸੀ. ਐਸ. ਅਧਿਕਾਰੀਆਂ ਨੂੰ ਵਿਆਪਕ ਸਿਖਲਾਈ ਦਿੱਤੀ ਗਈ ਹੈ। ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਮੈਗਸੀਪਾ 'ਚ ਅਕਤੂਬਰ ਮਹੀਨੇ ਕੀਤਾ ਗਿਆ ਸੀ।