''ਮਹਾਰਾਜਾ'' ਨੇ ਗੁਰਦਾਸਪੁਰੀਆਂ ਲਈ ਖੋਲ੍ਹਿਆ ਦਿਲ, ਵੱਡੇ ਐਲਾਨ ਕਰਕੇ ਬਾਗੋ-ਬਾਗ ਕੀਤੇ ਲੋਕ

08/16/2017 7:27:26 PM

ਗੁਰਦਾਸਪੁਰ (ਦੀਪਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਗੁਰਦਾਸਪੁਰ ਤੇ ਪਠਾਨਕੋਟ ਦੇ ਸਰਹੱਦੀ ਇਲਾਕਿਆਂ ਵਿਚ ਸਿਹਤ ਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਤੋਂ ਇਲਾਵਾ ਮਗਨਰੇਗਾ ਸਕੀਮ ਤਹਿਤ ਨਵੇਂ ਕਾਰਡ ਦੇਣ ਸਮੇਤ ਵਿਆਪਕ ਵਿਕਾਸ ਲਈ ਕਈ ਨਵੇਂ ਪ੍ਰੋਜੈਕਟਾਂ ਦਾ ਐਲਾਨ ਕੀਤਾ। ਆਜ਼ਾਦੀ ਦਿਹਾੜੇ ਮੌਕੇ ਆਪਣੀ ਤਕਰੀਰ ਵਿਚ ਮੁੱਖ ਮੰਤਰੀ ਨੇ ਆਖਿਆ ਕਿ ਗੁਰਦਾਸਪੁਰ ਵਿਚ 67 ਹਜ਼ਾਰ ਅਤੇ ਪਠਾਨਕੋਟ ਵਿਚ 30 ਹਜ਼ਾਰ ਲਾਭਪਾਤਰੀਆਂ ਨੂੰ ਨਵੇਂ ਮਗਨਰੇਗਾ ਕਾਰਡ ਦਿੱਤੇ ਜਾਣਗੇ। ਗੁਰਦਾਸਪੁਰ ਜ਼ਿਲੇ ਦੀ ਅਟਕੀ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ 20 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਅੱਡਾ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਸਾਰੀ ਪੇਂਡੂ ਵਸੋਂ ਨੂੰ ਪਖਾਨੇ ਦੀ ਸਹੂਲਤ ਅਤੇ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਦੇਣ ਲਈ 84 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ।ਪੁਲਸ ਦੀ ਕਾਰਜ ਪ੍ਰਣਾਲੀ ਵਿਚ ਹੋਰ ਸੁਧਾਰ ਲਿਆਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਨੇ ਗੁਰਦਾਸਪੁਰ, ਬਟਾਲਾ ਅਤੇ ਪਠਾਨਕੋਟ ਵਿਚ ਪੁਲਸ ਥਾਣਿਆਂ ਦੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁੱਕਣ ਲਈ 2.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਭਾਂਵੇਂ ਗੁਰਦਾਸਪੁਰ ਦਾ ਸਿਵਲ ਹਸਪਤਾਲ ਬਾਈਪਾਸ 'ਤੇ ਸ਼ਿਫਟ ਕੀਤਾ ਜਾਵੇਗਾ ਪਰ ਸ਼ਹਿਰ ਦੀ ਪੁਰਾਣੀ ਇਮਾਰਤ ਵਿਚ ਐਮਰਜੈਂਸੀ ਸੇਵਾਵਾਂ ਅਤੇ ਜੱਚਾ-ਬੱਚਾ ਸੰਭਾਲ ਦਾ ਵਾਰਡ ਚਾਲੂ ਰਹੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਗੁਰਦਾਸਪੁਰ ਵਿਚ 7.50 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਤੇ ਸੀਵਰੇਜ ਦੇ ਕੰਮ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਦੇ ਹੋਰ ਇਲਾਕਿਆਂ ਦੇ ਵਿਕਾਸ ਪ੍ਰੋਜੈਕਟਾਂ ਲਈ 18 ਕਰੋੜ ਰੁਪਏ ਹੋਰ ਜਾਰੀ ਹੋਣਗੇ। ਨਾਜ਼ੁਕ ਸਰਹੱਦੀ ਇਲਾਕੇ ਦੀ ਤਰੱਕੀ ਨੂੰ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਗੁਰਦਾਸਪੁਰ ਵਿਚ ਸਿਹਤ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ 44.02 ਕਰੋੜ ਰੁਪਏ ਅਤੇ ਸਕੂਲ ਬੁਨਿਆਦੀ ਢਾਂਚੇ ਲਈ 118 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਬੁਢਾਪਾ ਪੈਨਸ਼ਨ ਸਕੀਮ ਤਹਿਤ ਰਾਸ਼ੀ ਵੰਡਣ ਲਈ 45 ਕਰੋੜ ਰੁਪਏ ਅਤੇ ਅਸ਼ੀਰਵਾਦ ਸਕੀਮ ਲਈ 7 ਕਰੋੜ ਰੁਪਏ ਰੱਖੇ ਗਏ ਹਨ। ਮੁੱਖ ਮੰਤਰੀ ਨੇ ਗੁਰਦਾਸਪੁਰ ਦੇ ਪਿੰਡ ਡੱਲਾ ਗੋਰੀਆਂ ਵਿਖੇ ਨਵਾਂ ਸੈਨਿਕ ਸਕੂਲ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਪਠਾਨਕੋਟ ਦੇ ਸ਼ਹਿਰੀ ਵਿਕਾਸ ਲਈ 67 ਕਰੋੜ ਰੁਪਏ ਅਤੇ ਬਟਾਲਾ ਸ਼ਹਿਰ ਲਈ 42 ਕਰੋੜ ਰੁਪਏ ਖਰਚੇ ਜਾਣਗੇ। ਮੁੱਖ ਮੰਤਰੀ ਨੇ ਪਠਾਨਕੋਟ ਵਿਖੇ ਪੈਪਸੀਕੋ ਕੰਪਨੀ ਦਾ ਬੋਟਲਿੰਗ ਪਲਾਂਟ ਸਥਾਪਤ ਕਰਨ ਦਾ ਐਲਾਨ ਕੀਤਾ ਅਤੇ ਇਸ ਜ਼ਿਲੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਲਈ 55 ਕਰੋੜ ਰੁਪਏ ਖਰਚੇ ਜਾਣਗੇ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 30 ਸਤੰਬਰ 2017 ਤੋਂ ਪਠਾਨਕੋਟ ਹਵਾਈ ਅੱਡੇ ਤੋਂ ਉਡਾਨਾ ਸ਼ੁਰੂ ਹੋ ਜਾਣਗੀਆਂ।
ਇਸੇ ਤਰ੍ਹਾਂ ਹੋਰ ਅਹਿਮ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਫਤਹਿਗੜ੍ਹ ਚੂੜੀਆਂ ਵਿਖੇ ਸਿਵਲ ਹਸਪਤਾਲ ਨੂੰ ਅਪਗਰੇਡ ਕਰਨ ਅਤੇ ਜਲ ਸਪਲਾਈ ਤੇ ਸੀਵਰੇਜ ਦੇ ਕੰਮਾਂ ਲਈ 7.5 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਫਤਹਿਗੜ੍ਹ ਚੂੜੀਆਂ ਵਿਚ ਨਵਾਂ ਨਵੋਦਿਆ ਵਿਦਿਆਲਿਆ ਸਥਾਪਤ ਕੀਤਾ ਜਾਵੇਗਾ। ਇਸੇ ਤਰ੍ਹਾਂ ਦੀਨਾਨਗਰ ਨੂੰ ਨਵੀਂ ਮਾਲ ਸਬ ਡਵੀਜ਼ਨ ਬਣਾਉਣ ਤੋਂ ਇਲਾਵਾ ਨਵਾਂ ਰੇਲਵੇ ਓਵਰ ਬਰਿੱਜ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਕਲਾਨੌਰ ਵਿਚ ਨਵਾਂ ਡਿਗਰੀ ਕਾਲਜ ਸਥਾਪਤ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਾਦੀਆਂ ਸ਼ਹਿਰ ਵਿਚ ਨਵਾਂ ਬੱਸ ਸਟੈਂਡ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ 32 ਕਰੋੜ ਰੁਪਏ ਦੀ ਲਾਗਤ ਨਾਲ ਕਾਦੀਆਂ ਸ਼ਹਿਰ ਦੀ 100 ਫੀਸਦੀ ਵਸੋਂ ਨੂੰ ਜਲ ਸਪਲਾਈ ਤੇ ਸੀਵਰੇਜ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਨਾਮਦੇਵ ਨਗਰ ਘੁਮਾਣ ਵਿਖੇ ਨਵਾਂ ਹਸਪਤਾਲ ਬਣਾਇਆ ਜਾਵੇਗਾ ਅਤੇ ਨਗਰ ਦੀ 100 ਫੀਸਦੀ ਵਸੋਂ ਨੂੰ ਜਲ ਸਪਲਾਈ ਤੇ ਸੀਵਰੇਜ ਨਾਲ ਜੋੜਿਆ ਜਾਵੇਗਾ।