ਥਰਮਲ ਪਲਾਂਟ ਤੇ ਹਮਾਇਤੀ ਜਥੇਬੰਦੀਆਂ ਦੇ ਆਗੂਆਂ ''ਤੇ ਝੂਠੇ ਪੁਲਸ ਕੇਸ ਦਰਜ ਕਰਨ ਦੀ ਜ਼ੋਰਦਾਰ ਨਿੰਦਾ
Sunday, Jan 28, 2018 - 12:38 AM (IST)

ਜਲਾਲਾਬਾਦ(ਬਜਾਜ, ਸੇਤੀਆ, ਬੰਟੀ, ਟੀਨੂੰ, ਨਿਖੰਜ, ਜਤਿੰਦਰ, ਗੋਇਲ)—ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਰਜਿ.31) ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੇ ਅੱਜ ਇਥੇ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟ ਬਠਿੰਡਾ ਅਤੇ ਰੋਪੜ ਦੇ ਦੋ ਯੂਨਿਟ ਬੰਦ ਕਰਨ ਵਿਰੁੱਧ ਸਰਕਾਰੀ ਥਰਮਲ ਪਲਾਂਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੀ ਅਗਵਾਈ ਹੇਠ ਥਰਮਲ ਕਾਮੇ ਪਰਿਵਾਰਾਂ ਸਮੇਤ ਸੰਘਰਸ਼ ਕਰ ਰਹੇ ਹਨ। ਸਰਕਾਰ ਦੇ ਇਸ ਫੈਸਲੇ ਵਿਰੁੱਧ ਪੰਜਾਬ ਦੇ ਜਮਹੂਰੀ ਤੇ ਬੁੱਧੀਜੀਵੀ ਲੋਕਾਂ ਸਮੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਥਰਮਲ ਕਾਮਿਆਂ ਦੇ ਸੰਘਰਸ਼ ਦੀ ਭਰਵੀਂ ਹਮਾਇਤ ਕਰਨ ਲਈ ਸੰਘਰਸ਼ਾਂ ਦੇ ਮੈਦਾਨ ਵਿਚ ਨਿੱਤਰੀਆਂ ਹਨ। ਪੰਜਾਬ ਦੀ ਕਾਂਗਰਸ ਸਰਕਾਰ ਸੰਘਰਸ਼ਾਂ ਨੂੰ ਜਬਰ ਦੀ ਨੀਤੀ ਨਾਲ ਦਬਾਉਣ ਲਈ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ, ਰੈਗੂਲਰ ਮੁਲਾਜ਼ਮਾਂ ਸਮੇਤ ਹਮਾਇਤੀ ਜਥੇਬੰਦੀਆਂ ਦੇ ਆਗੂਆਂ 'ਤੇ ਝੂਠੇ ਪੁਲਸ ਕੇਸ ਦਰਜ ਕਰ ਕੇ ਸੰਘਰਸ਼ਾਂ ਨੂੰ ਜਬਰ ਨਾਲ ਕੁਚਲਣ ਦੇ ਭਰਮ ਪਾਲ ਰਹੀ ਹੈ। ਇਨ੍ਹਾਂ ਆਗੂਆਂ ਨੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਕਾਰਵਾਈਆਂ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਥਰਮਲ ਪਲਾਂਟ ਕਾਮਿਆਂ ਨੂੰ ਮਿਲ ਰਹੀ ਜਨਤਕ ਹਮਾਇਤ ਕਾਰਨ ਇਹ ਪਾਵਰਕਾਮ ਤੇ ਪੰਜਾਬ ਸਰਕਾਰ ਦੀ ਘਬਰਾਹਟ ਦੀ ਨਿਸ਼ਾਨੀ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਰਜਿ.31) ਪੰਜਾਬ ਦੇ ਪ੍ਰੈੱਸ ਸਕੱਤਰ ਸਤਨਾਮ ਸਿੰਘ ਅਤੇ ਜਸਵੀਰ ਸਿੰਘ ਸੀਰਾ ਨੇ ਕਿਹਾ ਕਿ 26 ਫਰਵਰੀ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਜਲ ਸਪਲਾਈ ਸਕੀਮਾਂ ਚਲਾ ਰਹੇ ਹਜ਼ਾਰਾਂ ਠੇਕਾ ਕਾਮਿਆਂ ਵੱਲੋਂ ਆਪਣੇ ਪਰਿਵਾਰਾਂ ਸਮੇਤ ਸਰਕਾਰ ਤੇ ਵਿਭਾਗ ਦੀ ਮੈਨੇਜਮੈਂਟ ਵਿਰੁੱਧ ਪਟਿਆਲਾ ਵਿਖੇ ਸੂਬਾ ਪੱਧਰੀ ਧਰਨਾ ਦੇ ਕੇ ਅੰਨ੍ਹੀ ਤੇ ਬੋਲੀ ਹੋਈ ਸਰਕਾਰ ਨੂੰ ਜਗਾਇਆ ਜਾਵੇਗਾ ਤੇ ਇਨ੍ਹਾਂ ਕਾਮਿਆਂ ਨੂੰ ਵਿਭਾਗ ਵਿਚ ਜਿਥੇ ਰੈਗੂਲਰ ਕਰਨ ਦੀ ਮੰਗ ਕੀਤੀ ਜਾਵੇਗੀ, ਉਥੇ ਉਹ ਥਰਮਲ ਕਾਮਿਆਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨਗੇ ਅਤੇ ਜਦੋਂ ਤੱਕ ਸਰਕਾਰੀ ਥਰਮਲ ਪਲਾਂਟ ਚਾਲੂ ਨਹੀਂ ਕੀਤੇ ਜਾਂਦੇ ਅਤੇ ਝੂਠੇ ਕੇਸ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਇਸੇ ਤਰ੍ਹਾਂ ਅੰਦੋਲਨ ਜਾਰੀ ਰੱਖੇ ਜਾਣਗੇ ਤੇ ਲੋੜ ਪੈਣ 'ਤੇ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ।