ਮੁੱਖ ਮੰਤਰੀ ਦੇ ਆਦੇਸ਼ਾਂ ਨੂੰ ਠੇਂਗਾ ਚੈਕਿੰਗ ਦੌਰਾਨ ਬੀ. ਡੀ. ਪੀ. ਓ. ਅਤੇ ਪੰਚਾਇਤ ਦਫਤਰ ਦੇ 32 ਕਰਮਚਾਰੀ ਪਾਏ ਗਏ ਗੈਰ-ਹਾਜ਼ਰ

10/28/2017 4:17:19 AM

ਲੁਧਿਆਣਾ(ਖੁਰਾਣਾ, ਸਲੂਜਾ)-ਕੈਪਟਨ ਸਰਕਾਰ ਸਾਰੇ ਸਰਕਾਰੀ ਦਫਤਰਾਂ 'ਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਫਿਸ ਡਿਊਟੀ ਦੇ ਦੌਰਾਨ ਸਮੇਂ ਦਾ ਪਾਬੰਦ ਬਣਾਉਣ ਲਈ ਲਗਾਤਾਰ ਸਰਗਰਮ ਹੈ, ਉਥੇ ਜ਼ਿਆਦਾਤਰ ਸਰਕਾਰੀ ਦਫਤਰਾਂ ਦੇ ਬਾਬੂ ਅਤੇ ਕਰਮਚਾਰੀ ਸਰਕਾਰ ਦੇ ਯਤਨਾਂ 'ਤੇ ਪਾਣੀ ਫੇਰ ਰਹੇ ਹਨ। ਇਸ ਵਰਤਾਰੇ 'ਤੇ ਲਗਾਮ ਕੱਸਣ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਦੇ ਨਿਰਦੇਸ਼ਾਂ 'ਤੇ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ 'ਚ ਇਕ ਹੀ ਸਮੇਂ ਕੀਤੀ ਗਈ ਛਾਪੇਮਾਰੀ 'ਚ 32 ਕਰਮਚਾਰੀ ਗੈਰ-ਹਾਜ਼ਰ ਪਾਏ ਗਏ। 
ਇਸ ਸਬੰਧੀ ਜਾਣਕਾਰੀ ਦਿੰਦੇ ਜੁਆਇੰਟ ਕਮਿਸ਼ਨਰ (ਸ਼ਿਕਾਇਤਾਂ) ਮੈਡਮ ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਨਾਇਬ ਤਹਿਸੀਲਦਾਰ ਵਲੋਂ ਕੀਤੀ ਗਈ ਬਲਾਕ ਵਿਕਾਸ ਅਤੇ ਪੰਚਾਇਤ ਦਫਤਰਾਂ ਦੀ ਚੈਕਿੰਗ ਦੌਰਾਨ 20 ਸਰਕਾਰੀ ਕਰਮਚਾਰੀ, 10 ਮਨਰੇਗਾ ਅਤੇ 2 ਡੇਲੀਵੇਜ ਕਰਮਚਾਰੀ ਡਿਊਟੀ ਤੋਂ ਗੈਰ-ਹਾਜ਼ਰ ਪਾਏ ਗਏ। ਉਨ੍ਹਾਂ ਦੱਸਿਆ ਕਿ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਗਈ ਹੈ। 
ਵਿਭਾਗੀ ਕਾਰਵਾਈ ਦੀ ਹੋਵੇਗੀ ਸਿਫਾਰਿਸ਼ 
ਗੈਰ-ਹਾਜ਼ਰ ਸਾਰੇ ਕਰਮਚਾਰੀਆਂ ਖਿਲਾਫ ਵਿਭਾਗੀ ਕਾਰਵਾਈ ਨੂੰ ਲੈ ਕੇ ਸਬੰਧਤ ਵਿਭਾਗਾਂ ਨੂੰ ਸਿਫਾਰਿਸ਼ ਕੀਤੀ ਜਾਵੇਗੀ। ਸਰਕਾਰੀ ਡਿਊਟੀ ਦੌਰਾਨ ਲਾਪ੍ਰਵਾਹੀ ਵਰਤਦੇ ਹੋਏ ਆਮ ਜਨਤਾ ਨੂੰ ਪ੍ਰੇਸ਼ਾਨ ਕਰਨ ਵਾਲੇ ਕਿਸੇ ਵੀ ਅਧਿਕਾਰੀ, ਕਰਮਚਾਰੀ ਦੀ ਮਨਮਰਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਸਰਕਾਰੀ ਦਫਤਰਾਂ 'ਚ ਡਿਊਟੀ ਦਾ ਸਮਾਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਯਕੀਨੀ ਬਣਾਇਆ ਜਾਵੇਗਾ ਅਤੇ ਇਹ ਚੈਕਿੰਗ ਮੁਹਿੰਮ ਆਗਾਮੀ ਦਿਨਾਂ 'ਚ ਵੀ ਜਾਰੀ ਰਹੇਗੀ।