ਮੋਦੀ ਸਰਕਾਰ ਨੇ ਬਦਲੇ ਦੀ ਭਾਵਨਾ ਦਾ ਸਬੂਤ ਦਿੱਤਾ : ਅਮਰਿੰਦਰ

02/10/2019 3:08:15 PM

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੋਲਕਾਤਾ 'ਚ ਸੀ. ਬੀ. ਆਈ. ਤੋਂ ਕਾਰਵਾਈ ਕਰਵਾ ਕੇ ਕੇਂਦਰ ਦੀ ਮੋਦੀ ਸਰਕਾਰ ਨੇ ਬਦਲੇ ਦੀ ਭਾਵਨਾ ਦਾ ਸਬੂਤ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਏਜੰਸੀ ਨੂੰ ਜਮਹੂਰੀ ਦੇਸ਼ 'ਚ ਸਿਆਸੀ ਵੈਰ ਭਾਵਨਾ ਤੋਂ ਬਚਣਾ ਚਾਹੀਦਾ ਹੈ। ਸੱਭਿਅਕ ਰਾਸ਼ਟਰਾਂ 'ਚ ਅਜਿਹੀਆਂ ਕਾਰਵਾਈਆਂ ਦਾ ਕੋਈ ਸਥਾਨ ਨਹੀਂ  ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਪੰਜਾਬ 'ਚ ਵੀ ਉਨ੍ਹਾਂ 'ਤੇ ਸਰਕਾਰ 'ਚ ਆਉਣ ਤੋਂ ਬਾਅਦ ਲਗਾਤਾਰ ਦਬਾਅ ਬਣਿਆ ਰਿਹਾ ਕਿ ਐਕਸ. ਵਾਈ. ਜ਼ੈੱਡ ਦੇ ਵਿਰੁੱਧ ਕਾਰਵਾਈ ਕੀਤੀ ਜਾਏ ਪਰ ਉਹ ਇਸ 'ਚ ਨਹੀਂ ਪਏ ਕਿਉਂਕਿ ਕਾਨੂੰਨ ਨੂੰ ਆਪਣਾ ਕੰਮ ਆਪ ਹੀ ਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਨੇਤਾਵਾਂ ਵਿਰੁੱਧ ਜਾਂਚ ਦਾ ਕੰਮ ਚਲ ਰਿਹਾ ਹੈ ਅਤੇ ਜਿਨ੍ਹਾਂ ਨੇ ਵੀ ਪੰਜਾਬ ਨੂੰ ਬਰਬਾਦੀ ਦੇ ਰਸਤੇ 'ਤੇ ਲਿਆਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਕਾਰਵਾਈ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ ਪਰ ਉਹ ਖੁਦ ਕਿਸੇ ਵੈਰ ਭਾਵਨਾ ਨਾਲ ਕੰਮ ਕਰਨ 'ਚ ਭਰੋਸਾ ਨਹੀਂ ਰੱਖਦੇ ਹਨ। 


ਕੇਂਦਰ ਦੀ ਮੋਦੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਟਿੱਪਣੀ ਕਰਦੇ ਹੋਏ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ 6-8 ਮਹੀਨਿਆਂ 'ਚ ਹੋਈਆਂ ਚੋਣਾਂ 'ਚ ਜਨਤਾ ਨੇ ਆਪਣਾ ਮਤ ਪ੍ਰਗਟ ਕਰ ਹੀ ਦਿੱਤਾ ਹੈ। ਮੋਦੀ ਸਰਕਾਰ ਕਿਸਾਨਾਂ ਦੇ ਕਲਿਆਣ ਲਈ ਕੋਈ ਵੀ ਕੰਮ ਨਹੀਂ ਕਰ ਸਕੀ ਹੈ। ਇਥੋਂ ਤਕ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀਆਂ ਉਚਿੱਤ ਕੀਮਤਾਂ ਵੀ ਨਹੀਂ ਮਿਲੀਆਂ ਹਨ। ਕੇਂਦਰ ਦੀ ਭਾਜਪਾ ਸਰਕਾਰ ਦੀ ਵੱਡੇ ਉਦਯੋਗਪਤੀਆਂ 'ਤੇ ਮਿਹਰਬਾਨੀ ਰਹੀ ਹੈ। ਸਵਾਮੀਨਾਥਨ ਰਿਪੋਰਟ ਲਾਗੂ ਨਾ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਰਿਪੋਰਟ ਨੂੰ ਜਿਓਂ ਦਾ ਤਿਓਂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕੇਂਦਰ ਦੀ ਭਾਜਪਾ ਸਰਕਾਰ 'ਚ ਪ੍ਰਤੀਨਿਧਤਾ ਮਿਲੀ ਹੋਈ ਸੀ ਪਰ ਫਿਰ ਵੀ ਉਸ ਦੇ ਇਕੋ-ਇਕ ਮੰਤਰੀ ਨੇ ਵੀ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ।


ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਹੁਣ ਤਕ 4786 ਕਰੋੜ ਦੀ ਰਾਹਤ ਦਿੱਤੀ
ਮੁੱਖ ਮੰਤਰੀ ਨੇ ਕਿਹਾ ਕਿ ਵਿੱਤੀ ਸੰਕਟ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਛੋਟੀ ਕਿਸਾਨਾਂ ਦੇ 2-2 ਲੱਖ ਰੁਪਏ ਦੇ ਕਰਜ਼ਿਆਂ ਨੂੰ ਮੁਆਫ ਕੀਤਾ। 2 ਸਾਲਾਂ ਦੇ ਕਾਰਜਕਾਲ ਦੌਰਾਨ ਹੀ ਸੂਬੇ 'ਚ 6.25 ਲੱਖ ਨੌਕਰੀਆਂ ਕੱਢੀਆਂ ਗਈਆਂ ਅਤੇ ਕਿਸਾਨਾਂ ਦਾ ਹੁਣ ਤਕ 4786 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ 'ਚ ਕੇਂਦਰ ਦੀ ਮੋਦੀ ਸਰਕਾਰ ਦੇ ਮੁਕਾਬਲੇ ਕਿਸਾਨਾਂ ਨੂੰ ਚੰਗੀ ਰਾਹਤ ਦਿੱਤੀ ਹੈ। ਕੇਂਦਰ ਨੇ ਤਾਂ ਕਿਸਾਨਾਂ ਨੂੰ ਸਿਰਫ 17 ਰੁਪਏ ਰੋਜ਼ਾਨਾ ਦੀ ਰਾਹਤ ਦਿੱਤੀ ਹੈ। ਜਿਸ ਨਾਲ ਕਿਸਾਨ ਇਕ ਸਮੇਂ  ਦੀ ਰੋਟੀ ਵੀ ਨਹੀਂ ਖਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ 'ਚ ਭਾਜਪਾ ਨੂੰ ਲੈ ਕੇ ਭਾਰੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।

shivani attri

This news is Content Editor shivani attri