ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿਵੇਂ ਘਟਾਇਆ 15 ਕਿਲੋ ਭਾਰ, ਕਿਹਾ- ਅਜੇ 10 ਕਿੱਲੋ ਹੋਰ ਘਟਾਉਣਾ ਹੈ

03/19/2021 3:46:53 PM

ਜਲੰਧਰ: ਸੂਬਾ ਸਰਕਾਰ ਦੇ ਕਾਰਜਕਾਲ ਦੇ ਚਾਰ ਸਾਲ ਪੂਰੇ ਹੋਣ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ। ਇਸ ਦੌਰਾਨ ਇਕ ਪੱਤਰਕਾਰ ਵੱਲੋਂ ਕੈਪਟਨ ਅਮਰਿੰਦਰ ਨੂੰ ਭਾਰ ਘਟਾਉਣ ਦਾ ਰਾਜ ਪੁੱਛਿਆ ਗਿਆ।

ਇਥੇ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਨੂੰ ਪੱਤਰਕਾਰ ਨੇ ਖੁਸ਼ਨੁਮਾ ਅੰਦਾਜ਼ 'ਚ ਕਿਹਾ ਕਿ ਤੁਸੀਂ ਅੱਗੇ ਨਾਲੋਂ ਕਾਫ਼ੀ ਫਿੱਟ ਲੱਗੇ ਰਹੇ। ਸਾਨੂੰ ਵੀ ਭਾਰ ਘਟਾਉਣ ਦਾ ਰਾਜ ਦੱਸ ਦਿਓ। ਇਸ ਦੌਰਾਨ ਕੈਪਟਨ ਅਮਰਿੰਦਰ ਨੇ ਹੱਸਦੇ ਹੋਏ ਪੱਤਰਕਾਰ ਨੂੰ ਜਵਾਬ ਦਿੱਤਾ ਕਿ ਉਨ੍ਹਾਂ ਨੇ 25 ਜੁਲਾਈ ਤੋਂ ਲੈ ਕੇ ਹੁਣ ਤੱਕ 15 ਕਿਲੋ ਭਾਰ ਘਟਾਇਆ ਹੈ ਅਤੇ ਅਜੇ ਉਨ੍ਹਾਂ ਨੇ 10 ਕਿਲੋ ਭਾਰ ਹੋਰ ਘਟਾਉਣਾ ਹੈ। ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਭਾਰ ਘਟਾਉਣ ਲਈ ਉਨ੍ਹਾਂ ਨੇ ਦਿੱਲੀ ਦੇ ਇਕ ਡਾਇਟੀਸ਼ੀਅਨ (ਖੁਰਾਕ ਮਾਹਿਰ) ਦੀ ਸਲਾਹ ਲਈ ਹੈ। 


ਦੱਸਣਯੋਗ ਹੈ ਕਿ ਅਮਰਿੰਦਰ ਸਿੰਘ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕਿਹਾ ਕਿ ਲਗਾਤਾਰ ਦਿੱਲੀ ਦੀਆਂ ਸੀਮਾਵਾਂ ’ਤੇ ਪੰਜਾਬ ਅਤੇ ਦੇਸ਼ ਦੇ ਕਈ ਇਲਾਕਿਆਂ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਇਨ੍ਹਾਂ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ। ਉਨ੍ਹਾਂ ਨੇ ਕਿਹਾ ਕਿ ਉਹ ਕੇਂਦਰੀ ਕਾਨੂੰਨਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਨਾਲ ਕੋਈ ਵੀ ਗੱਲ ਨਹੀਂ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਉਹ ਕਈ ਵਾਰ ਕੇਂਦਰੀ ਨੇਤਾਵਾਂ ਅਤੇ ਪ੍ਰਧਾਨ ਮੰਤਰੀ ਨੂੰ ਮਿਲੇ ਹਨ ਪਰ ਕਿਸਾਨ ਅੰਦੋਲਨ ਦਾ ਕੋਈ ਵੀ ਹੱਲ ਨਹੀਂ ਕੱਢਿਆ ਗਿਆ। 


ਉਨ੍ਹਾਂ ਨੇ ਕਿਹਾ ਕਿ ਕਿਸਾਨ ਸੰਗਠਨ ਵੀ ਨਹੀਂ ਚਾਹੁੰਦਾ ਕਿ ਕੋਈ ਰਾਜਨੀਤਿਕ ਪਾਰਟੀ ਉਨ੍ਹਾਂ ਦੇ ਅੰਦੋਲਨ ’ਚ ਦਖ਼ਲਅੰਦਾਜ਼ੀ ਕਰੇ। ਪੰਜਾਬ ਦੇ ਕੇਂਦਰੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਬਿੱਲ ਵਿਧਾਨ ਸਭਾ ’ਚ ਪਾਸ ਕੀਤੇ ਗਏ ਸਨ ਅਤੇ ਉਨ੍ਹਾਂ ਨੂੰ ਅਪਰੂਵ ਕਰਵਾਉਣ ਲਈ ਰਾਜਪਾਲ ਦੇ ਕੋਲ ਭੇਜਿਆ ਗਿਆ ਹੈ ਪਰ ਰਾਜਪਾਲ ਨੇ ਹੁਣ ਤੱਕ ਪੰਜਾਬ ਦੇ ਬਿੱਲਾਂ ਨੂੰ ਆਪਣੀ ਮਨਜ਼ੂਰੀ ਨਹੀਂ ਦਿੱਤੀ ਹੈ। ਜੇਕਰ ਆਉਣ ਵਾਲੇ ਕੁਝ ਹੋਰ ਦਿਨਾਂ ’ਚ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਬਿੱਲਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਤਾਂ ਅਜਿਹੇ ’ਚ ਪੰਜਾਬ ਸਰਕਾਰ ਸੁਪਰੀਮ ਕੋਰਟ ਜਾਵੇਗੀ। 

ਨੋਟ- ਕੈਪਟਨ ਅਮਰਿੰਦਰ ਸਿੰਘ ਦੇ ਭਾਰ ਘਟਾਉਣ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।

Aarti dhillon

This news is Content Editor Aarti dhillon