ਸ਼ਿਲਾਂਗ ਦੇ ਸਿੱਖ ਭਾਈਚਾਰੇ ਲਈ 50 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ

07/31/2018 5:57:16 AM

ਚੰਡੀਗੜ੍ਹ(ਅਸ਼ਵਨੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੇਘਾਲਿਆ ਦੇ ਸ਼ਿਲਾਂਗ ਵਿਖੇ ਹਾਲ ਹੀ ਵਿਚ ਹੋਈ ਹਿੰਸਾ ਕਾਰਨ ਨੁਕਸਾਨੇ ਗਏ ਗੁਰੂ ਨਾਨਕ ਸਕੂਲ ਅਤੇ ਗੁਰਦਆਰਾ ਸਾਹਿਬ ਦੇ ਨਿਰਮਾਣ ਲਈ 50 ਲÎੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ਵਿਚ ਆਏ ਸਿੱਖ ਸੰਗਤ ਦੇ ਵਫਦ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਸ਼ਿਲਾਂਗ ਵਿਚ ਵਸੇ ਸਿੱਖ ਭਾਈਚਾਰੇ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਹ ਵਫ਼ਦ ਇਥੇ ਮੁੱਖ ਮੰਤਰੀ ਨੂੰ ਮਿਲਿਆ । ਵਫਦ ਨੇ ਸ਼ਿਲਾਂਗ ਵਿਖੇ ਕੁੱਝ ਸਮਾਜ ਵਿਰੋਧੀ ਤੱਤਾਂ ਵਲੋਂ ਸਿੱਖ ਭਾਈਚਾਰੇ ਨਾਲ ਸਬੰਧਤ ਜਾਇਦਾਦ ਨੂੰ ਤਬਾਹ ਕਰਨ ਅਤੇ ਅੱਗਜ਼ਨੀ ਕਾਰਨ ਪੈਦਾ ਹੋਈ ਸਥਿਤੀ ਦਾ ਪਤਾ ਲਾਉਣ ਲਈ ਇਕ ਉਚ ਪੱਧਰੀ ਵਫਦ ਉੱਥੇ ਭੇਜਣ ਵਾਸਤੇ ਮੁੱਖ ਮੰਤਰੀ ਵਲੋਂ ਕੀਤੀਆਂ ਨਿੱਜੀ ਪਹਿਲਕਦਮੀਆਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।