ਮੁੱਖ ਮੰਤਰੀ ਨੇ ਨਸ਼ਿਆਂ ਸਬੰਧੀ ਕੈਬਨਿਟ ਸਬ-ਕਮੇਟੀ ਤੇ ਡੀ. ਜੀ. ਪੀ. ਨਾਲ ਕੀਤੀ ਉੱਚ ਪੱਧਰੀ ਬੈਠਕ

07/10/2018 6:38:58 AM

ਜਲੰਧਰ(ਧਵਨ, ਅਸ਼ਵਨੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਸ਼ਿਆਂ ਨੂੰ ਖਤਮ ਕਰਨ ਲਈ ਚੁੱਕੇ ਗਏ ਕਦਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕੈਬਨਿਟ ਸਬ ਕਮੇਟੀ ਅਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਨਾਲ ਉੱਚ ਪੱਧਰੀ ਬੈਠਕ ਕੀਤੀ, ਜਿਸ ਵਿਚ ਮੁੱਖ ਸਕੱਤਰ ਅਤੇ ਹੋਰ ਆਲ੍ਹਾ ਪੁਲਸ ਅਧਿਕਾਰੀ ਵੀ ਮੌਜੂਦ ਸਨ । ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਵੀ ਸਰਕਾਰੀ ਜਾਂ ਪੁਲਸ ਮੁਲਾਜ਼ਮ ਦਾ ਡੋਪ ਟੈਸਟ ਪਾਜ਼ੀਟਿਵ ਆਵੇਗਾ, ਉਸ ਨੂੰ ਨਾ ਤਾਂ ਬਰਖਾਸਤ ਕੀਤਾ ਜਾਵੇਗਾ ਅਤੇ ਨਾ ਹੀ ਹੋਰ ਕਿਸੇ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇਗੀ । ਉਨ੍ਹਾਂ ਮੁੱਖ ਸਕੱਤਰ ਨੂੰ ਕਿਹਾ ਕਿ ਮੁਲਾਜ਼ਮਾਂ ਦੇ ਡੋਪ ਟੈਸਟ ਲਈ ਇਕ ਨੀਤੀ ਤਿਆਰ ਕਰਨ। ਉਨ੍ਹਾਂ ਐਲਾਨ ਕੀਤਾ ਕਿ ਨਸ਼ਾ ਛੁਡਾਉਣ ਲਈ ਆਉਣ ਵਾਲਾ ਖਰਚਾ ਸਰਕਾਰ ਵਲੋਂ ਝੱਲਿਆ ਜਾਵੇਗਾ । ਮੁੱਖ ਮੰਤਰੀ ਨੇ ਕਿਹਾ ਕਿ  ਨਸ਼ਿਆਂ ਦੇ ਖਾਤਮੇ ਲਈ ਪ੍ਰਾਈਵੇਟ ਹਸਪਤਾਲਾਂ ਦਾ ਵੀ ਸਹਿਯੋਗ ਲੈਣਾ ਚਾਹੀਦਾ ਹੈ। ਬੈਠਕ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਤੋਂ ਇਲਾਵਾ ਤੇਜਬੀਰ ਸਿੰਘ ਤੇ ਹੋਰ ਪੁਲਸ ਅਧਿਕਾਰੀ ਵੀ ਮੌਜੂਦ ਸਨ। ਮੁੱਖ ਮੰਤਰੀ ਅਮਰਿੰਦਰ ਰਾਜਪਾਲ ਨੂੰ ਮਿਲੇ, ਯੂ. ਟੀ. ਪ੍ਰਸ਼ਾਸਨ 'ਚ ਪੰਜਾਬ ਦੀ ਪੂਰੀ ਹਿੱਸੇਦਾਰੀ ਮੰਗੀ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਸੂਬੇ ਦੇ ਰਾਜਪਾਲ ਵੀ. ਪੀ. ਐੱਸ. ਬਦਨੌਰ ਨਾਲ ਮੁਲਾਕਾਤ ਕਰ ਕੇ ਯੂ. ਟੀ. ਪ੍ਰਸ਼ਾਸਨ 'ਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਪੂਰੀ ਹਿੱਸੇਦਾਰੀ ਮੰਗੀ। ਮੁੱਖ ਮੰਤਰੀ ਨੇ ਰਾਜਪਾਲ ਦੇ ਨਾਲ ਪੰਜਾਬ ਦੇ ਭਖਦੇ ਸਿਆਸੀ ਹਾਲਾਤ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਰਾਜਪਾਲ ਨੂੰ ਕਿਹਾ ਕਿ ਯੂ. ਟੀ. ਪ੍ਰਸ਼ਾਸਨ ਵਿਚ ਪੰਜਾਬ ਦੇ ਅਧਿਕਾਰੀਆਂ ਨੂੰ ਫਿਲਹਾਲ ਪੂਰੀ ਨੁਮਾਇੰਦਗੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂ. ਟੀ. ਚੰਡੀਗੜ੍ਹ ਵਿਚ ਪੰਜਾਬ ਨੂੰ ਉਸ ਦਾ ਬਣਦਾ ਹੱਕ ਦੇਣਾ ਚਾਹੀਦਾ ਹੈ। ਰਾਜਪਾਲ ਬਦਨੌਰ ਨੇ ਮੁੱਖ ਮੰਤਰੀ ਅਮਰਿੰਦਰ ਨੂੰ ਪੂਰਾ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਗੌਰ ਕਰ ਕੇ ਬਣਦੇ ਕਦਮ ਚੁੱਕਣਗੇ।