ਆਂਗਣਵਾਡ਼ੀ ਮੁਲਾਜ਼ਮਾਂ ਮੁੱਖ ਮੰਤਰੀ ਨੂੰ ਮੰਗ-ਪੱਤਰ ਦੇ ਨਾਲ ਯਾਦਾਸ਼ਤ ਲਈ ਭੇਜੇ ਬਦਾਮ

07/04/2018 6:48:49 AM

ਪਟਿਆਲਾ(ਬਲਜਿੰਦਰ)-ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਬਲਾਕ ਪਟਿਆਲਾ ਰੂਰਲ ਅਰਬਨ ਸਨੌਰ ਭੁਨਰਹੇਡ਼ੀ ਦੀ ਆਗੂ ਬਲਵਿੰਦਰ ਕੌਰ ਦੀ ਅਗਵਾਈ ਹੇਠ ਅੱਜ ਆਂਗਣਵਾਡ਼ੀ ਵਰਕਰਾਂ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਇਕ ਯਾਦ-ਪੱਤਰ ਭੇਜਿਆ ਤੇ ਉਸ ਦੇ ਨਾਲ ਬਦਾਮਾਂ ਦੀ ਇਕ ਥੈਲੀ ਵੀ ਭੇਜੀ। ਆਂਗਣਵਾਡ਼ੀ ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਆਂਗਣਵਾਡ਼ੀ ਵਰਕਰਾਂ ਤੇ ਹੈਲਪਰਾਂ ਦੀਆਂ ਬਡ਼ੇ ਲੰਬੇ ਸਮੇਂ ਤੋਂ ਜਾਇਜ਼ ਤੇ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਸੰਘਰਸ਼ ਦੌਰਾਨ ਵੱਖ-ਵੱਖ ਥਾਵਾਂ ’ਤੇ ਹੋ ਰਹੇ ਪ੍ਰਦਰਸ਼ਨਾਂ ਵਿਚ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਪ੍ਰਦਰਸ਼ਨ ਖਤਮ ਕਰਵਾਏ ਗਏ। ਮੀਟਿੰਗ ਦਾ ਸਮਾਂ ਆਉਣ ’ਤੇ ਮੀਟਿੰਗਾਂ ਰੱਦ ਕਰਨ ਦਾ ਸੁਨੇਹਾ ਆ ਜਾਂਦਾ ਹੈ, ਜਿਸ ਨੂੰ ਲੈ ਕੇ ਆਂਗਣਵਾਡ਼ੀ ਵਰਕਰਾਂ ਤੇ ਹੈਲਪਰਾਂ ਵਿਚ ਰੋਸ ਵਧਦਾ ਜਾ ਰਿਹਾ ਹੈ ਅਤੇ ਸੰਘਰਸ਼ ਤਿੱਖੇ ਹੁੰਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ 12 ਜੂਨ ਨੂੰ  ਮੰਤਰੀ ਅਰੁਣਾ ਚੌਧਰੀ ਨਾਲ ਹੋਈ ਮੀਟਿੰਗ ਵਿਚ ਮੁੱਖ ਮੰਤਰੀ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ 17 ਜੁਲਾਈ ਤੱਕ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨਾਲ ਪਹਿਲਾਂ  3 ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਹਨ ਤਾਂ ਉਹ ਸਾਰੀਆਂ ਮੰਨ ਲਈਆਂ ਜਾਣਗੀਆਂ। ਉਨ੍ਹਾਂ ਨੂੰ ਅਮਲ ਵਿਚ ਲਿਆਉਣ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਓ. ਪੀ. ਸੋਨੀ ਨਾਲ ਮੀਟਿੰਗ ਕਰਵਾ ਕੇ ਇਕ ਰੀਵਿਊ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਨੂੰ ਇਸ ਵਾਰ ਲੱਗਿਆ ਕਿ ਸ਼ਾਇਦ ਪੰਜਾਬ ਸਰਕਾਰ ਗੰਭੀਰ ਹੋ ਗਈ ਹੈ ਪਰ ਸਰਕਾਰ ਨੇ ਆਪਣੀ ਪੁਰਾਣੀ ਰਵਾਇਤ ਨੂੰ ਕਾਇਮ ਰੱਖਿਆ, ਜਿਸ ਦਾ ਸਾਨੂੰ ਪਹਿਲਾਂ ਹੀ ਸ਼ੱਕ ਸੀ। ਉਨ੍ਹਾਂ ਦੱਸਿਆ ਕਿ 19 ਦਿਨ ਬੀਤ ਗਏ ਪਰ ਇਕ ਵੀ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਹੋਈ। ਨਾ ਹੀ ਗੱਲ ਨੂੰ ਅੱਗੇ ਤੋਰਿਆ ਗਿਆ। ਇਸ ਲਈ ਸੰਘਰਸ਼ ਨੂੰ ਮੁਡ਼ ਤਿੱਖਾ ਕਰਦੇ ਹੋਏ ਬਲਾਕ ਪੱਧਰ ’ਤੇ ਪ੍ਰਦਰਸ਼ਨ ਕਰ ਕੇ ਮੁੱਖ ਮੰਤਰੀ ਨੂੰ ਯਾਦ-ਪੱਤਰ ਅਤੇ ਬਦਾਮਾਂ ਦੀਆਂ ਥੈਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਉਹ ਮੀਟਿੰਗ ਨਾ ਭੁੱਲ ਸਕਣ। ਆਂਗਣਵਾਡ਼ੀ ਮੁਲਾਜ਼ਮਾਂ ਤੇ ਹੈਲਪਰ ਆਗੂਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਤੋਂ ਹੀ ਆਂਗਡ਼ਵਾਡ਼ੀ ਵਰਕਰ ਤੇ ਹੈਲਪਰ ਆਪਣੀਆਂ ਮੰਗਾਂ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਹਰਿਆਣਾ ਦੀ ਤਰਜ਼ ’ਤੇ ਮਾਣਭੱਤਾ 11429 ਰੁਪਏ ਪ੍ਰਤੀ ਵਰਕਰ ਅਤੇ 5750 ਰੁਪਏ ਹੈਲਪਰ ਨੂੰ ਦਿੱਤੇ ਜਾਣ, ਪੈਨਸ਼ਨ ਤੇ ਗ੍ਰੈਚੂਟੀ ਦਾ ਪ੍ਰਬੰਧ ਕੀਤਾ ਜਾਵੇ, 3 ਤੋਂ 6 ਸਾਲ ਦੇ ਬੱਚਿਆਂ ਲਈ ਪ੍ਰਾਇਮਰੀ ਆਂਗਣਵਾਡ਼ੀ ਹੀ ਜਾਰੀ ਰਖਦੇ ਹੋਏ 3 ਤੋਂ 6 ਸਾਲ ਦੇ ਬੱਚੇ ਵਾਪਸ ਆਂਗਣਵਾਡ਼ੀ ਕੇਂਦਰਾਂ ਵਿਚ ਭੇਜੇ ਜਾਣ ਅਤੇ ਐਡਵਾਈਜ਼ਰੀ ਬੋਰਡ ਅਧੀਨ ਚਲਦੇ ਪ੍ਰਾਜੈਕਟ ਨੂੰ ਵਾਪਸ ਕਰਵਾਇਆ ਜਾਵੇ। ਆਗੂਆਂ ਨੇ ਕਿਹਾ ਕਿ ਇਨ੍ਹਾਂ ਸਬੰਧੀ ਠੋਸ ਫੈਸਲਾ ਲੈਣ ਲਈ ਅਤੇ ਮੁਸ਼ਕਲਾਂ ਦਾ ਹੱਲ ਕੱਢਣ ਲਈ 17 ਜੁਲਾਈ ਦੀ ਆਖਰੀ ਮਿਤੀ ਰੱਖੀ ਗਈ ਹੈ। ਇਸ ਲਈ ਅੱਜ ਮੁੱਖ ਮੰਤਰੀ ਨੂੰ ਬਦਾਮਾਂ ਦੀਆਂ ਥੈਲੀਆਂ ਭੇਜੀਆਂ ਗਈਆਂ ਹਨ। ਆਗੂਆਂ ਦਾ ਕਹਿਣਾ ਸੀ ਕਿ 10 ਜੁਲਾਈ ਮੰਗ ਦਿਵਸ ਮੌਕੇ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾਡ਼ੀ ਵਰਕਰਜ਼ ਐਂਡ ਹੈਲਪਰਜ਼ ਦੇ ਸੱਦੇ ’ਤੇ ਕੇਂਦਰੀ ਮੰਤਰੀਆਂ ਦੇ ਹਲਕੇ ਬਠਿੰਡਾ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿਚ ਵਿਸ਼ਾਲ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਮੁੱਖ ਮੰਤਰੀ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨੂੰ ਮੰਗ-ਪੱਤਰ ਭੇਜੇ ਜਾਣਗੇ। ਉਨ੍ਹਾਂ ਆਈ. ਸੀ. ਡੀ. ਐੈੱਸ. ’ਤੇ ਹੋ ਰਹੇ ਹਮਲਿਆਂ ਬਾਰੇ ਦਸਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਡੀ. ਬੀ. ਟੀ. ਰਾਹੀਂ ਆਈ. ਸੀ. ਡੀ. ਐੈੱਸ. ਸਕੀਮ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਸਰਕਾਰ ਦੀ ਸਾਜ਼ਿਸ਼ ਨੂੰ ਨੰਗਾ ਕਰਨ ਲਈ ਪੂਰੇ ਦੇਸ਼ ਦੀ ਜਨਤਾ ਦਾ ਸਹਿਯੋਗ ਲੈਣ ਲਈ ਆਂਗਣਵਾਡ਼ੀ ਕੇਂਦਰ 200-200 ਹਸਤਾਖਰ ਕਰ ਕੇ ਡੀ. ਬੀ. ਟੀ. ਖਿਲਾਫ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਜੋ ਕਿ 5 ਸਤੰਬਰ ਨੂੰ ਪ੍ਰਧਾਨ ਮੰਤਰੀ ਨੂੰ  ਸੌਂਪੇ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਂਗਣਵਾਡ਼ੀ ਵਰਕਰ ਤੇ ਹੈਲਪਰ ਆਪਣੇ ਅਤੇ ਆਪਣੇ ਦੇਸ਼ ਦੇ ਮਾਸੂਮ ਬੱਚਿਆਂ ਦੇ ਅਧਿਕਾਰਾਂ ਲਈ ਹਰ ਹਾਲਤ ਵਿਚ ਮੈਦਾਨ ਵਿਚ ਡਟੇ ਰਹਿਣਗੇ। ਇਸ ਮੌਕੇ ਮਾਇਆ ਕੌਰ, ਰਾਜ ਕੌਰ, ਖੁਸ਼ਦੀਪ ਸ਼ਰਮਾ, ਅੰਗਰੇਜ਼ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਪ੍ਰੇਮ ਸੇਠੀ ਅਤੇ ਪੀ. ਆਰ. ਟੀ. ਸੀ. ਵੱਲੋਂ ਬਲਵਾਨ ਸਿੰਘ ਸ਼ਾਮਲ ਹੋਏ।