ਵਾਟਰ ਵਰਕਸ ਬਣਿਆ ਨਸ਼ੇੜੀਆਂ ਦਾ ਅੱਡਾ

06/21/2018 3:44:30 AM

ਲਹਿਰਾ ਮੁਹੱਬਤ(ਮਨੀਸ਼)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਨੂੰ ਨਸ਼ਿਆਂ ਦਾ ਸੰਤਾਪ ਝੱਲਣਾ ਪੈ ਰਿਹਾ ਹੈ। ਵੱਖ-ਵੱਖ ਤਰ੍ਹਾਂ ਦੇ ਛੋਟੇ ਤੋਂ ਲੈ ਕੇ ਵੱਡੀ ਕਿਸਮ ਦੇ ਨਸ਼ਿਆਂ 'ਚ ਗਲਤਾਨ ਨੌਜਵਾਨ ਪਿੰਡ ਦੀਆਂ ਵਿਹਲੀਆਂ ਥਾਵਾਂ ਨੂੰ ਆਪਣੇ ਅੱਡਿਆਂ ਨੂੰ ਵਰਤ ਰਹੇ ਹਨ, ਇੰਨਾਂ 'ਚ ਬੇ-ਆਬਾਦ ਧਰਮਸ਼ਾਲਾ, ਵਾਟਰ ਵਰਕਸ, ਸ਼ਮਸ਼ਾਨਘਾਟ, ਮਟੀਆਂ ਜਾਂ ਵਿਹਲੇ ਪਏ ਘਰਾਂ ਦੇ ਕੁਝ ਹਿੱਸੇ ਸ਼ਾਮਲ ਹਨ। ਯਾਦਵਿੰਦਰਾ ਖੇਡ ਸਟੇਡੀਅਮ ਦੇ ਲਾਗੇ ਕਈ ਸਾਲਾਂ ਤੋਂ ਬੰਦ ਪਿਆ ਵਾਟਰ ਵਰਕਸ ਤਾਂ ਇੰਨਾਂ ਨਸ਼ੇੜੀਆਂ ਦਾ ਵੱਡਾ ਅੱਡਾ ਬਣਿਆ ਹੋਇਆ ਹੈ। ਇਥੇ ਨਸ਼ੇ ਵਾਲੀਆਂ ਗੋਲੀਆਂ ਦੇ ਖਾਲੀ ਪੱਤੇ, ਟੀਕੇ, ਸਿਗਰਟਾਂ ਅਤੇ ਹੋਰ ਨਸ਼ੇ ਵਾਲੀਆਂ ਵਸਤਾਂ ਦੇ ਖਾਲੀ ਰੈਪਰ ਆਮ ਪਏ ਵੇਖੇ ਜਾ ਸਕਦੇ ਹਨ। ਜਿਕਰਯੋਗ ਗੱਲ ਇਹ ਹੈ ਕਿ ਕੈਪਟਨ ਸਰਕਾਰ ਨੇ ਸੱਤਾ 'ਤੇ ਕਾਬਜ਼ ਹੁੰਦਿਆਂ ਪੰਜਾਬ 'ਚੋਂ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਵੀ ਨਸ਼ਾ ਬੰਦ ਦੀ ਥਾਂ ਵੱਡੀ ਪੱਧਰ 'ਤੇ ਸਪਲਾਈ ਹੋਣ ਲੱਗਾ ਹੈ। 
ਇਥੇ ਚਿੰਤਾ ਦਾ ਵਿਸ਼ਾ ਇਹ ਬਣਿਆ ਹੋਇਆ ਹੈ ਕਿ ਜੇਕਰ ਮੁੱਖ ਮੰਤਰੀ ਪੰਜਾਬ ਦੇ ਪੁਰਖਿਆਂ ਦੇ ਪਿੰਡ 'ਚ ਨਸ਼ੇ ਦੀ ਵਿਕਰੀ ਵੱਡੀ ਪੱਧਰ 'ਤੇ ਹੋ ਰਹੀ ਹੈ ਤਾਂ ਫਿਰ ਆਮ ਪਿੰਡਾਂ ਦਾ ਤਾਂ ਬਾਬਾ ਆਦਮ ਹੀ ਨਿਰਾਲਾ ਵਾਲੀ ਕਹਾਵਤ ਸਿੱਧ ਹੋ ਰਹੀ ਹੈ। ਨਗਰ ਵਾਸੀਆਂ ਮੰਗ ਕੀਤੀ ਹੈ ਕਿ ਪ੍ਰਸ਼ਾਸ਼ਨ ਪਿੰਡ ਦੀ ਇਸ ਸਮੱਸਿਆ ਵੱਲ ਧਿਆਨ ਦੇ ਕੇ ਨੌਜਵਾਨ ਪੀੜ੍ਹੀ ਨੂੰ ਸਪਲਾਈ ਹੋਣ ਵਾਲੇ ਨਸ਼ਿਆਂ ਦੀ ਰੋਕਥਾਮ ਕੀਤੀ ਜਾਵੇ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਪ੍ਰਸ਼ੋਤਮ ਮਹਿਰਾਜ ਨੇ ਕਿਹਾ ਕਿ ਉਹ ਨਗਰ ਵਿੱਚ ਨਸ਼ਿਆਂ ਖਿਲਾਫ ਜਲਦ ਹੀ ਕਮੇਟੀ ਬਣਾ ਕੇ ਨੌਜਵਾਨਾਂ ਨੂੰ ਜਾਗਰੂਕ ਕਰਨਗੇ।