31000 ਕਰੋੜ ਦੇ ਸੀ. ਸੀ.ਐੱਲ. ਫਰਕ ਨੂੰ ਹੱਲ ਕੀਤਾ ਜਾਵੇ”: ਅਮਰਿੰਦਰ

06/19/2018 6:59:57 AM

ਜਲੰਧਰ(ਧਵਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਕਣਕ ਤੇ ਝੋਨੇ ਦੀ ਖਰੀਦ ਨੂੰ ਲੈ ਕੇ ਸੀ. ਸੀ. ਐੱਲ. 'ਚ ਚੱਲ ਰਹੇ 31000 ਕਰੋੜ ਰੁਪਏ ਦੇ ਮਾਮਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ। ਇਹ ਰਕਮ ਨੂੰ ਲੈ ਕੇ ਹੁਣ ਤਕ ਕੇਂਦਰ ਤੇ ਸੂਬਾ ਸਰਕਾਰ ਵਿਚਾਲੇ ਦੁਚਿੱਤੀ ਦੀ ਸਥਿਤੀ ਬਣੀ ਹੋਈ ਹੈ ਅਤੇ ਕੇਂਦਰ ਸਰਕਾਰ ਨੇ ਇਸ ਰਕਮ ਨੂੰ ਪੰਜਾਬ ਦੇ ਸਿਰ ਲੰਬੇ ਸਮੇਂ ਦੇ ਕਰਜ਼ੇ ਦੇ ਰੂਪ 'ਚ ਪਾ ਦਿੱਤਾ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਇਸ 31000 ਕਰੋੜ ਦੀ ਰਕਮ 'ਚ 12000 ਕਰੋੜ ਦੀ ਮੂਲ ਰਕਮ ਤੇ 19000 ਕਰੋੜ ਰੁਪਏ ਦਾ ਵਿਆਜ ਸ਼ਾਮਲ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਇਹ ਮਾਮਲਾ ਕੇਂਦਰੀ ਵਿੱਤ ਮੰਤਰਾਲਾ ਕੋਲ ਵਿਚਾਰ ਅਧੀਨ ਪਿਆ ਹੋਇਆ ਹੈ ਤੇ ਪ੍ਰਧਾਨ ਮੰਤਰੀ ਦੇ ਦਖਲ ਨਾਲ ਇਸ ਦਾ ਬੋਝ ਪੰਜਾਬੀਆਂ 'ਤੇ ਨਹੀਂ ਪਏਗਾ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਪੰਜਾਬ ਪਹਿਲਾਂ ਹੀ ਵਿੱਤੀ ਸੰਕਟ ਦਾ ਸ਼ਿਕਾਰ ਹੈ ਤੇ ਉਪਰੋਂ 31000 ਕਰੋੜ ਦਾ ਨਵਾਂ ਬੋਝ ਵੀ ਪੰਜਾਬ 'ਤੇ ਪਾ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਾਹਮਣੇ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਦੁਬਾਰਾ ਉਠਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਸਰਹੱਦੀ ਇਲਾਕਿਆਂ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਲਈ ਵਿਸ਼ੇਸ਼ ਧਨ ਰਕਮ ਪੰਜਾਬ ਨੂੰ ਜਾਰੀ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਪਹਿਲੇ ਹੀ ਪ੍ਰਧਾਨ ਮੰਤਰੀ ਨੂੰ 2145 ਰੁਪਏ ਦੀ ਵਿੱਤੀ ਸਹਾਇਤਾ ਦੇਣ ਲਈ ਮੈਮੋਰੰਡਮ ਸੌਂਪਿਆ ਹੋਇਆ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਤੋਂ ਰਾਸ਼ਟਰੀ ਪੱਧਰ 'ਤੇ ਪਹਿਲੇ ਸਿੱਖ ਗੁਰੂ ਦੇ ਪ੍ਰਕਾਸ਼ ਉਤਸਵ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਆਰਗੇਨਾਈਜ਼ਿੰਗ ਕਮੇਟੀ ਗਠਿਤ ਕਰਨ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜਲਿਆਂਵਾਲਾ ਬਾਗ ਨਰਸੰਹਾਰ ਦਾ 100ਵਾਂ ਸਾਲ 13 ਅਪ੍ਰੈਲ 2019 ਨੂੰ ਆ ਰਿਹਾ ਹੈ। ਇਸ ਲਈ ਅੰਮ੍ਰਿਤਸਰ 'ਚ ਸਥਿਤ ਜਲਿਆਂਵਾਲਾ ਬਾਗ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਵਿਕਾਸ ਲਈ ਕੇਂਦਰ ਨੂੰ 100 ਕਰੋੜ ਰੁਪਏ ਦੀ ਸਹਾਇਤਾ ਪੰਜਾਬ ਨੂੰ ਜਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਕੇਂਦਰੀ ਸੰਸਕ੍ਰਿਤਕ ਮੰਤਰਾਲਾ ਨੂੰ ਇਸ ਸਬੰਧ 'ਚ ਦਿਸ਼ਾ-ਨਿਰਦੇਸ਼ ਜਾਰੀ ਕਰੇ।
ਦੋ ਦਿਨਾਂ 'ਚ ਪੀ. ਐੈੱਮ. ਨਾਲ ਦੂਜੀ ਮੁਲਾਕਾਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਦਿਨਾਂ 'ਚ ਪੀ. ਐੱਮ. ਮੋਦੀ ਨਾਲ ਦੂਜੀ ਵਾਰ ਮੁਲਾਕਾਤ ਕੀਤੀ ਹੈ। ਪਹਿਲੀ ਮੁਲਾਕਾਤ ਐਤਵਾਰ ਨੂੰ ਨੀਤੀ ਆਯੋਗ ਦੀ ਬੈਠਕ 'ਚ ਹੋਈ ਸੀ ਅਤੇ ਅੱਜ ਸਵੇਰੇ ਦਿੱਲੀ 'ਚ ਦੋਵੇਂ ਆਗੂਆਂ ਵਿਚਾਲੇ ਦੂਜੀ ਬੈਠਕ ਹੋਈ ਹੈ। ਮੁੱਖ ਮੰਤਰੀ ਨੇ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਦੇ ਮਾਮਲੇ ਪੀ. ਐੱਮ. ਮੋਦੀ ਸਾਹਮਣੇ ਚੁੱਕੇ। ਉਨ੍ਹਾਂ ਸੂਬੇ 'ਚ ਡਿਗਦੇ ਜ਼ਮੀਨੀ ਪਾਣੀ ਦੇ ਪੱਧਰ ਦਾ ਮਾਮਲਾ ਵੀ ਮੋਦੀ ਸਾਹਮਣੇ ਉਠਾਇਆ। ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਆਪਣੇ ਵੱਲੋਂ ਹਰ ਮਾਮਲੇ 'ਚ ਪੂਰਾ ਸਹਿਯੋਗ ਦੇਵੇਗੀ।
ਰਾਹੁਲ ਗਾਂਧੀ ਨੂੰ ਮਿਲੇ ਕੈਪਟਨ ਤੇ ਜਾਖੜ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਦਿੱਲੀ ਵਿਚ ਸ਼ਾਮ ਦੇ ਸਮੇਂ ਮੁਲਾਕਾਤ ਕੀਤੀ ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ   ਬੈਠਕ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਜਾਖੜ ਨੇ ਰਾਹੁਲ ਗਾਂਧੀ  ਨੂੰ ਉਨ੍ਹਾਂ ਦੇ ਕੱਲ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਅਗੁਵਾਈ ਵਿਚ ਕਾਂਗਰਸ ਤੇ ਸਮੁੱਚੀ ਵਿਰੋਧੀ ਧਿਰ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਰਾਹੁਲ ਗਾਂਧੀ 2019 ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਵਾਗਡੋਰ ਸੰਭਾਲਣਗੇ। ਬੈਠਕ ਵਿਚ ਪੰਜਾਬ ਦੇ ਸਿਆਸੀ ਮਾਮਲਿਆਂ 'ਤੇ ਜ਼ਿਆਦਾ ਚਰਚਾ ਨਹੀਂ ਹੋਈ ਪਰ ਇਹ ਬੈਠਕ ਮੁੱਖ ਤੌਰ 'ਤੇ ਰਾਹੁਲ ਗਾਂਧੀ ਨੂੰ ਜਨਮ ਦਿਨ ਦੀ ਮੁਬਾਰਕਬਾਦ ਦੇਣ ਨਾਲ ਜੁੜੀ ਹੋਈ ਸੀ।  ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੂਰਾ ਦੇਸ਼ ਹੁਣ ਰਾਹੁਲ ਗਾਂਧੀ ਵੱਲ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਦੀ ਅਗਵਾਈ ਵਿਚ ਕਾਂਗਰਸ ਲਗਾਤਾਰ ਮਜ਼ਬੂਤ ਹੋਈ ਹੈ। ਬੈਠਕ ਦੌਰਾਨ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ 'ਤੇ ਕੋ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਸਨ।