ਕੈਪਟਨ ਵਿਰੁੱਧ ਵਿਧਾਇਕਾਂ ਦੀ ਜਾਰੀ ਹੈ ਨਾਰਾਜ਼ਗੀ : ਮਦਨ ਲਾਲ ਜਲਾਲਪੁਰ ਤੇ ਹਰਿਦਆਲ ਕੰਬੋਜ ਨੇ ਚੁੱਕਿਆ ਬਗਾਵਤ ਦਾ ਝੰਡਾ

04/24/2018 6:31:40 AM

ਪਟਿਆਲਾ(ਮਨਦੀਪ ਜੋਸਨ)–ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਵਿਚ ਕੀਤੇ ਵਾਧੇ ਕਾਰਨ ਉਨ੍ਹਾਂ ਦੇ ਆਪਣੇ ਜ਼ਿਲੇ ਪਟਿਆਲਾ ਵਿਚ ਹੀ ਵੱਡੀ ਬਗਾਵਤ ਹੋ ਗਈ ਹੈ। ਕੈਬਨਿਟ ਵਿਚ ਬੀ. ਸੀ. ਭਾਈਚਾਰੇ ਦਾ ਇਕ ਵੀ ਮੰਤਰੀ ਨਹੀਂ ਲਿਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੌਰ ਦੇ ਬੀ. ਸੀ. ਕੈਟਾਗਰੀ ਨਾਲ ਸਬੰਧਤ ਖਾਸ-ਮ-ਖਾਸ 2 ਵਿਧਾਇਕ ਪੂਰੀ ਤਰ੍ਹਾਂ ਨਾਰਾਜ਼ ਹੋ ਚੁੱਕੇ ਹਨ। ਉਹ ਕਿਸੇ ਵੀ ਪਲ ਵੱਡਾ ਧਮਾਕਾ ਕਰ ਸਕਦੇ ਹਨ, ਜੋ ਪੰਜਾਬ ਕਾਂਗਰਸ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਪੰਜਾਬ ਵਿਚ ਬੀ. ਸੀ. ਕੈਟਾਗਰੀ ਦੀ ਅਬਾਦੀ 23 ਫੀਸਦੀ ਤੋਂ ਵੱਧ ਹੈ। ਇਕ ਦਰਜਨ ਦੇ ਕਰੀਬ ਵਿਧਾਇਕ ਇਸ ਸ਼੍ਰੇਣੀ ਨਾਲ ਸਬੰਧਤ ਹੋਣ ਦੇ ਬਾਵਜੂਦ ਕੈਪਟਨ ਨੇ ਇਕ ਵੀ. ਬੀ. ਸੀ. ਵਿਧਾਇਕ ਨੂੰ ਆਪਣੀ ਕੈਬਨਿਟ ਵਿਚ ਲੈਣਾ ਮੁਨਾਸਬ ਨਹੀਂ ਸਮਝਿਆ ਜਿਸ ਕਾਰਨ ਪੂਰਾ ਭਾਈਚਾਰਾ ਕਾਂਗਰਸ ਨਾਲ ਪੂਰੀ ਤਰ੍ਹਾਂ ਨਾਰਾਜ਼ ਹੋ ਚੁੱਕਾ ਹੈ। ਇਸ ਦਾ ਖਮਿਆਜ਼ਾ ਕਾਂਗਰਸ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ। ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਅਕਾਲੀ ਦਲ ਪੂਰੀ ਤਰ੍ਹਾਂ ਬਾਗੋਬਾਗ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਗਲੇ ਹਫਤੇ ਅਕਾਲੀ ਦਲ ਦੇ ਬੀ. ਸੀ. ਵਿੰਗ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਮੀਟਿੰਗ ਸੱਦ ਲਈ ਹੈ ਤਾਂ ਜੋ ਕਾਂਗਰਸ ਵੱਲੋਂ ਪੈਦਾ ਹੋਈ ਨਾਰਾਜ਼ਗੀ ਦਾ ਪੂਰੀ ਤਰ੍ਹਾਂ ਲਾਹਾ ਲਿਆ ਜਾ ਸਕੇ। ਮੁੱਖ ਮੰਤਰੀ ਦੇ ਜ਼ਿਲੇ ਵਿਚ ਹੀ 3 ਵਿਧਾਇਕ ਬੀ. ਸੀ. ਕੈਟਾਗਰੀ 'ਚ ਆਉਂਦੇ ਹਨ। ਇਨ੍ਹਾਂ ਵਿਚੋਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਪੰਜਾਬ ਵਿਚ 36000 ਤੋਂ ਵੱਧ ਵੋਟਾਂ ਦੀ ਲੀਡ ਨਾਲ ਤੀਜੇ ਨੰਬਰ ਹਨ ਅਤੇ ਦਿਹਾਤੀ ਹਲਕਿਆਂ ਵਿਚ ਪਹਿਲੇ ਨੰਬਰ 'ਤੇ ਹਨ। ਉਨ੍ਹਾਂ ਦੇ ਕੁੜਮ ਹਲਕਾ ਰਾਜਪੁਰਾ ਦੇ ਵਿਧਾਇਕ ਤੇ ਜ਼ਿਲਾ ਪਟਿਆਲਾ ਕਾਂਗਰਸ ਦੇ 20 ਸਾਲਾਂ ਤੋਂ ਪ੍ਰਧਾਨ ਹਰਦਿਆਲ ਸਿੰਘ ਕੰਬੋਜ 35000 ਵੋਟਾਂ ਦੀ ਲੀਡ ਨਾਲ ਤੀਜੀ ਵਾਰ ਜਿੱਤੇ ਹਨ। ਇਸ ਵਕਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਵਜ਼ੀਰ ਨਾ ਬਣਾਉਣ ਕਾਰਨ ਪੂਰੀ ਤਰ੍ਹਾਂ ਖਫਾ ਹਨ। ਦੋਵੇਂ ਵਿਧਾਇਕਾਂ ਦੀ ਨਾਰਾਜ਼ਗੀ ਕਾਰਨ ਮਹਾਰਾਣੀ ਪ੍ਰਨੀਤ ਕੌਰ ਲਈ ਲੋਕ ਸਭਾ ਚੋਣ ਵਿਚ ਖਤਰੇ ਦੀ ਘੰਟੀ ਹੈ। ਦੋਹਾਂ ਵਿਧਾਇਕਾਂ ਵੱਲੋਂ ਆਪੋ-ਆਪਣੇ ਸੀਨੀਅਰ ਨੇਤਾਵਾਂ ਤੇ ਸਮਰਥਕਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਅਤੇ ਨਵੀਂ ਵਿਉਂਤਬੰਦੀ ਬਣਾਈ ਗਈ। ਜਾਣਕਾਰੀ ਅਨੁਸਾਰ ਦੋਵੇਂ ਪਾਰਟੀ ਦੇ ਅਹੁਦਿਆਂ ਦੇ ਨਾਲ-ਨਾਲ ਵਿਧਾਇਕੀ ਤੋਂ ਵੀ ਅਸਤੀਫੇ ਦੇ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੌਰ ਦੀਆਂ ਹੁਣ ਤੱਕ ਹੋਈਆਂ ਜਿੱਤਾਂ ਵਿਚ ਇਨ੍ਹਾਂ 2 ਵਿਧਾਇਕਾਂ ਦਾ ਵੱਡਾ ਰੋਲ ਹੁੰਦਾ ਹੈ। ਹਰ ਚੋਣ 'ਚ ਉਹ ਅਮਰਿੰਦਰ ਤੇ ਪ੍ਰਨੀਤ ਕੌਰ ਦੀਆਂ ਚੋਣਾਂ ਦੇ ਮੁੱਖ ਇੰਚਾਰਜ ਹੁੰਦੇ ਹਨ। ਜਾਣਕਾਰੀ ਅਨੁਸਾਰ ਅੱਜ ਦੋਹਾਂ ਨੇ ਮਹਾਰਾਣੀ ਪ੍ਰਨੀਤ ਕੌਰ ਦਾ ਫੋਨ ਵੀ ਨਹੀਂ ਸੁਣਿਆ। ਪ੍ਰਨੀਤ ਕੌਰ ਦਿੱਲੀ ਹੋਣ ਕਾਰਨ ਇਸ ਬਗਾਵਤ ਨੂੰ ਖਤਮ ਕਰਨ ਲਈ ਪਟਿਆਲਾ ਪਹੁੰਚ ਰਹੇ ਹਨ।