ਨਹੀਂ ਪੂਰੀ ਹੋਈ ਰਾਣਾ ਗੁਰਜੀਤ ਦੀ ਵਾਪਸੀ ਬਾਰੇ ਕੈਪਟਨ ਦੀ ਜ਼ਿੱਦ

04/22/2018 5:11:17 AM

ਲੁਧਿਆਣਾ(ਹਿਤੇਸ਼)-ਪੰਜਾਬ ਕੈਬਨਿਟ ਦੇ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਲਟਕੇ ਹੋਏ ਵਿਸਤਾਰ ਨੂੰ ਲੈ ਕੇ ਚੱਲ ਰਹੀਆਂ ਸਾਰੀਆਂ ਅੜਚਨਾਂ ਤਾਂ ਹੁਣ ਖਤਮ ਹੋ ਗਈਆਂ ਹਨ ਪਰ ਇਸ ਸਾਰੇ ਘਟਨਾਚੱਕਰ ਨਾਲ ਜੁੜੀਆਂ ਅੰਦਰ ਦੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ ਹਨ। ਇਸ ਦੇ ਤਹਿਤ ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਰਾਣਾ ਗੁਰਜੀਤ ਦੀ ਕੈਬਨਿਟ 'ਚ ਵਾਪਸੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੱਦ ਪੂਰੀ ਨਹੀਂ ਹੋ ਸਕੀ ਹੈ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸ਼ਾਮਲ ਕਰਵਾਉਣ ਲਈ ਸਮਝੌਤੇ ਕਰਨੇ ਪਏ ਹਨ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਕੈਪਟਨ ਦੇ ਨੇੜਲਿਆਂ ਦੀ ਲਿਸਟ ਵਿਚ ਰਾਣਾ ਗੁਰਜੀਤ ਦਾ ਨਾਂ ਕਾਫੀ ਉੱਪਰ ਆਉਂਦਾ ਹੈ। ਇਹੀ ਕਾਰਨ ਰਿਹਾ ਕਿ ਉਨ੍ਹਾਂ ਨੂੰ ਬਿਜਲੀ ਅਤੇ ਸਿੰਚਾਈ ਵਰਗੇ ਮਹੱਤਵਪੂਰਨ ਵਿਭਾਗ ਦਿੱਤੇ ਗਏ ਸਨ। ਇੱਥੋਂ ਤੱਕ ਕਿ ਰੇਤ ਖੱਡਾਂ ਦੇ ਕੇਸ ਵਿਚ ਨਾਂ ਆਉਣ ਦੇ ਬਾਵਜੂਦ ਅਸਤੀਫਾ ਲੈਣ ਦੀ ਬਜਾਏ ਜਾਂਚ ਕਮਿਸ਼ਨ ਦੇ ਗਠਨ ਦੇ ਨਾਂ 'ਤੇ ਸਮਾਂ ਕੱਢਿਆ ਗਿਆ ਪਰ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਸਬੂਤ ਪੇਸ਼ ਕਰਨ ਤੋਂ ਬਾਅਦ ਰਾਹੁਲ ਗਾਂਧੀ ਦੇ ਹੁਕਮ ਕਰ ਕੇ ਰਾਣਾ ਗੁਰਜੀਤ ਦਾ ਅਸਤੀਫਾ ਲਿਆ ਗਿਆ। ਹੁਣ ਜਾਂਚ ਕਮਿਸ਼ਨ ਦੀ ਰਿਪੋਰਟ ਵਿਚ ਰਾਣਾ ਗੁਰਜੀਤ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਉਸ ਨੂੰ ਵਿਧਾਨ ਸਭਾ ਵਿਚ ਮਨਜ਼ੂਰੀ ਮਿਲ ਚੁੱਕੀ ਹੈ। ਉਸ ਨੂੰ ਆਧਾਰ ਬਣਾ ਕੇ ਕੈਪਟਨ ਨੇ ਰਾਣਾ ਗੁਰਜੀਤ ਦੀ ਵਾਪਸੀ ਸਬੰਧੀ ਸਿਫਾਰਸ਼ ਕਰ ਦਿੱਤੀ ਪਰ ਰਾਹੁਲ ਗਾਂਧੀ ਕਿਸੇ ਕੀਮਤ 'ਤੇ ਤਿਆਰ ਨਹੀਂ ਹੋਏ, ਜਿਨ੍ਹਾਂ ਦੇ ਮੁਤਾਬਕ ਰਾਣਾ ਗੁਰਜੀਤ ਦੀ ਵਾਪਸੀ ਦੇ ਲਈ ਲੋਕਾਂ ਕੋਲ ਕੀ ਦਲੀਲ ਦਿੱਤੀ ਜਾਵੇਗੀ, ਜਿਸ 'ਤੇ ਕੈਪਟਨ ਨੂੰ ਬੈਕਫੁੱਟ 'ਤੇ ਆਉਣਾ ਪਿਆ, ਜਿਸ ਕਾਰਨ ਹੀ ਦੋਆਬਾ, ਖਾਸ ਕਰ ਜਲੰਧਰ ਨੂੰ ਕੋਈ ਮੰਤਰੀ ਨਹੀਂ ਮਿਲ ਸਕਿਆ। ਇਸ ਤੋਂ ਇਲਾਵਾ ਇਕ ਹੋਰ ਕੇਸ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਾਂ ਦਾ ਸੀ, ਜਿਸ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਤਰਾਜ਼ ਲਾਇਆ, ਕਿਉਂਕਿ ਰਾਣਾ ਗੁਰਮੀਤ ਸਿੰਘ ਸੋਢੀ 'ਤੇ ਫਿਰੋਜ਼ਪੁਰ ਲੋਕ ਸਭਾ ਚੋਣਾਂ ਵਿਚ ਜਾਖੜ ਦਾ ਵਿਰੋਧ ਕਰਨ ਦਾ ਦੋਸ਼ ਲਗਦਾ ਹੈ ਜਿਸ ਨੂੰ ਲੈ ਕੇ ਹਾਈਕਮਾਨ ਦੇ ਕੁੱਝ ਹੋਰ ਲੋਕ ਵੀ ਰਾਣਾ ਗੁਰਮੀਤ ਸੋਢੀ ਵਿਰੁੱਧ ਸੁਰ ਅਲਾਪ ਰਹੇ ਸਨ ਪਰ ਕੈਪਟਨ ਨੇ ਰਾਣਾ ਸੋਢੀ ਦੇ ਨਾਂ 'ਤੇ ਸਟੈਂਡ ਲੈ ਲਿਆ, ਜਿਸ ਦੇ ਬਦਲੇ ਉਨ੍ਹਾਂ ਨੂੰ ਮੰਤਰੀ ਅਹੁਦੇ ਦੇ ਨਾਂ ਤੈਅ ਕਰਨ ਲਈ ਕੁਝ ਨਾਵਾਂ 'ਤੇ ਸਮਝੌਤਾ ਵੀ ਕਰਨਾ ਪਿਆ।
ਅੰਬਿਕਾ ਸੋਨੀ ਦੇ ਕੋਟੇ ਤੋਂ ਲੱਗੀ ਸੁੰਦਰ ਸ਼ਾਮ ਅਰੋੜਾ ਦੀ ਲਾਟਰੀ
ਪੰਜਾਬ ਮੰਤਰੀ ਮੰਡਲ ਦੇ ਵਿਸਤਾਰ ਦੇ ਤਹਿਤ ਸ਼ਾਮਲ ਕੀਤੇ ਜਾ ਰਹੇ ਜ਼ਿਆਦਾਤਰ ਮੰਤਰੀ ਤਾਂ ਕੈਪਟਨ ਕੈਂਪ ਦੇ ਹੀ ਹਨ, ਜਦੋਂ ਕਿ ਭਾਰਤ ਭੂਸ਼ਣ ਆਸ਼ੂ ਅਤੇ ਵਿਜੇ ਇੰਦਰ ਸਿੰਗਲਾ ਨੂੰ ਰਾਹੁਲ ਗਾਂਧੀ ਦੇ ਕੋਟੇ 'ਚੋਂ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਨਾਂ ਹੁਸ਼ਿਆਰਪੁਰ ਦੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਦਾ ਹੈ, ਜੋ ਆਪਣੇ ਇਲਾਕੇ ਦੇ ਸੀਨੀਅਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦਾ ਪੱਤਾ ਕੱਟ ਕੇ ਬਣੇ ਹਨ। ਉਨ੍ਹਾਂ ਦੀ ਅਡਜਸਟਮੈਂਟ ਲਈ ਦੋਆਬਾ ਦਾ ਕੋਈ ਵੀ ਮੰਤਰੀ ਨਹੀਂ ਬਣਾਇਆ ਗਿਆ, ਜਿਸ ਦਾ ਕਾਰਨ ਅਰੋੜਾ ਨੂੰ ਅੰਬਿਕਾ ਸੋਨੀ ਦਾ ਆਸ਼ੀਰਵਾਦ ਹੋਣ ਦੇ ਰੂਪ ਵਿਚ ਸਾਹਮਣੇ ਆਇਆ ਹੈ।
ਕੈਬਨਿਟ ਦੇ ਸਭ ਤੋਂ ਨੌਜਵਾਨ ਮੰਤਰੀ ਹੋਣਗੇ ਆਸ਼ੂ
ਵੈਸੇ ਤਾਂ ਪੰਜਾਬ ਕੈਬਨਿਟ ਦੇ ਪੁਰਾਣੇ ਢਾਂਚੇ ਵਿਚ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ ਨੂੰ ਨੌਜਵਾਨ ਮੰਤਰੀਆਂ ਦਾ ਨਾਂ ਦਿੱਤਾ ਗਿਆ ਸੀ। ਹੁਣ ਇਸ ਕੈਟਾਗਰੀ ਵਿਚ ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ ਅਤੇ ਗੁਰਪ੍ਰੀਤ ਕਾਂਗੜ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਜੇਕਰ ਉਮਰ ਵਰਗ ਦੀ ਗੱਲ ਕਰੀਏ ਤਾਂ ਸਾਰੇ ਮੰਤਰੀਆਂ 'ਚੋਂ ਆਸ਼ੂ ਹੀ ਸਭ ਤੋਂ ਛੋਟੀ ਉਮਰ ਦੇ ਹਨ।