ਕੈਪਟਨ ਤੇ ਜਾਖੜ ਦਿੱਲੀ ਪੁੱਜੇ, ਰਾਹੁਲ ਨਾਲ ਕੈਬਨਿਟ ਵਾਧੇ ਸਬੰਧੀ ਅਹਿਮ ਬੈਠਕ ਅੱਜ

04/19/2018 6:45:55 AM

ਜਲੰਧਰ(ਧਵਨ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸੂਬਾ ਕਾਂਗਰਸ ਕਮੇਟੀ  ਪ੍ਰਧਾਨ ਸੁਨੀਲ ਜਾਖੜ ਅੱਜ ਦਿੱਲੀ ਪੁੱਜ ਗਏ ਹਨ। ਜਿਥੇ ਕੱਲ ਉਨ੍ਹਾਂ ਦੀ  ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਸ਼ਾਮ 3 ਵਜੇ ਬੈਠਕ ਹੋਵੇਗੀ, ਜਿਸ ਵਿਚ ਪੰਜਾਬ ਕੈਬਨਿਟ ਵਿਚ ਤਜਵੀਜਜ਼ ਵਾਧੇ ਨੂੰ ਲੈ ਕੇ ਅੰਤਿਮ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬੈਠਕ ਵਿਚ ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸਹਿ-ਇੰਚਾਰਜ ਹਰੀਸ਼ ਚੌਧਰੀ ਵੀ ਹਿੱਸਾ ਲੈਣਗੇ। ਸੂਤਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਸਵੇਰੇ ਚੰਡੀਗੜ੍ਹ ਵਿਚ ਸਨ ਅਤੇ ਦੁਪਹਿਰ ਨੂੰ ਉਹ ਹੈਲੀਕਾਪਟਰ ਰਾਹੀਂ ਦਿੱਲੀ ਪੁੱਜੇ, ਜਦੋਂਕਿ ਜਾਖੜ ਪਹਿਲਾਂ ਦਿੱਲੀ ਵਿਚ ਸਨ ਪਰ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਮੋਗਾ ਆਏ ਸਨ। ਬਾਅਦ ਵਿਚ ਉਹ ਵੀ ਦਿੱਲੀ ਪੁੱਜ ਗਏ। ਪੰਜਾਬ ਕੈਬਨਿਟ ਵਿਚ ਵਾਧਾ ਪਿਛਲੇ ਕਈ ਮਹੀਨਿਆਂ ਤੋਂ ਉਲੀਕਿਆ ਜਾ ਰਿਹਾ ਹੈ। ਰਾਹੁਲ ਗਾਂਧੀ ਦੇ ਨਾਲ ਬੈਠਕ ਵਿਚ ਤਜਵੀਜਜ਼ ਮੰਤਰੀਆਂ ਦੇ ਨਾਵਾਂ 'ਤੇ ਮੋਹਰ ਲੱਗ ਜਾਣ 'ਤੇ ਕੈਬਨਿਟ ਵਿਚ ਵਾਧਾ 1-2 ਦਿਨਾ ਅੰਦਰ ਕੀਤੇ ਜਾਣ ਦੇ ਆਸਾਰ ਹਨ। ਇਸ ਬੈਠਕ ਵਿਚ ਪੰਜਾਬ ਕਾਂਗਰਸ ਨੂੰ ਮਿਸ਼ਨ 2019 ਲਈ ਤਿਆਰ ਕਰਨ ਦੇ ਵਿਸ਼ੇ 'ਤੇ ਵੀ ਚਰਚਾ ਹੋਵੇਗੀ ਅਤੇ ਪੰਜਾਬ ਕਾਂਗਰਸ ਵਲੋਂ ਬਣਾਏ ਜਾਣ ਵਾਲੇ ਨਵੇਂ ਜ਼ਿਲਾ ਪ੍ਰਧਾਨਾਂ 'ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਜਵੀਜਜ਼ ਮੰਤਰੀਆਂ ਦੇ ਨਾਵਾਂ 'ਤੇ ਇਕ ਨੋਟ ਤਿਆਰ ਕਰ ਲਿਆ ਹੈ। ਬੈਠਕ ਵਿਚ ਇਹ ਤੈਅ ਹੋਵੇਗਾ ਕਿ ਕੈਪਟਨ ਮੰਤਰੀ ਮੰਡਲ ਵਿਚ ਸਾਰੇ ਖਾਲੀ ਪਏ ਮੰਤਰੀਆਂ ਦੇ ਅਹੁਦਿਆਂ ਨੂੰ ਭਰ ਦਿੱਤਾ ਜਾਵੇ ਜਾਂ ਫਿਰ ਇਸ ਸਮੇਂ 6-7 ਨਵੇਂ ਮੰਤਰੀ ਬਣਾ ਕੇ ਭਵਿੱਖ ਵਿਚ ਇਕ ਹੋਰ ਮੰਤਰੀ ਮੰਡਲ ਵਾਧੇ ਦਾ ਰਸਤਾ ਖੁੱਲ੍ਹਾ ਰੱਖਿਆ ਜਾਵੇ।