ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਮੀਟਿੰਗ ''ਚ ਵਿਰੋਧੀ ਧਿਰ ਤੇ ਐੱਸ. ਜੀ. ਪੀ. ਸੀ. ਗੈਰ-ਹਾਜ਼ਰ

02/13/2018 6:59:24 AM

ਚੰਡੀਗੜ੍ਹ(ਭੁੱਲਰ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਿਹਾੜੇ ਨੂੰ ਮਨਾਉਣ ਸਬੰਧੀ ਸੱਦੀ ਗਈ ਸਾਂਝੀ ਮੀਟਿੰਗ ਵਿਚ ਵਿਰੋਧੀ ਧਿਰ ਅਤੇ ਐੱਸ. ਜੀ. ਪੀ. ਸੀ. ਗੈਰ-ਹਾਜ਼ਰ ਰਹੀ। ਕੈਪਟਨ ਨੇ ਅੱਜ ਦੀ ਮੀਟਿੰਗ ਵਿਚ ਸਭ ਧਿਰਾਂ ਨੂੰ ਨਾਲ ਲਿਆਉਣ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਹਦਾਇਤ ਦਿੰਦਿਆਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਸ ਬਾਰੇ ਜ਼ਿੰਮੇਵਾਰੀ ਦਿੱਤੀ ਹੈ। ਭਾਵੇਂ ਵਿਭਾਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਆਰਗੇਨਾਈਜ਼ਿੰਗ ਕਮੇਟੀ ਦੀ ਪਹਿਲੀ ਜਾਇਜ਼ਾ ਮੀਟਿੰਗ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਸੀ ਪਰ ਉਹ ਮੀਟਿੰਗ ਵਿਚ ਹਾਜ਼ਰ ਨਾ ਹੋਏ। ਇਹ ਮੀਟਿੰਗ ਪਹਿਲੇ ਸਿੱਖ ਗੁਰੂ ਜੀ ਦੇ 550ਵੇਂ 'ਪ੍ਰਕਾਸ਼ ਪੁਰਬ' ਸਮਾਰੋਹ ਦਾ ਵਿਸਤ੍ਰਿਤ ਪ੍ਰੋਗਰਾਮ ਤਿਆਰ ਕਰਨ ਲਈ ਸੱਦੀ ਗਈ ਸੀ। 
ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਵਿਰੋਧੀ ਧਿਰ ਨੇ ਇਸ ਮਹੱਤਵਪੂਰਨ ਪਵਿੱਤਰ ਧਾਰਮਿਕ ਸਮਾਗਮ ਨੂੰ ਸਿਆਸੀ ਰੰਗਤ ਦੇਣ ਦਾ ਰਾਹ ਚੁਣਿਆ ਅਤੇ ਇਸ ਮੀਟਿੰਗ ਦਾ ਬਾਈਕਾਟ ਕੀਤਾ। ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੀਟਿੰਗ ਵਿਚ ਹਿੱਸਾ ਨਾ ਲੈ ਕੇ ਵਿਰੋਧੀ ਧਿਰ ਦੇ ਆਗੂਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਅਪਮਾਨ ਕੀਤਾ ਹੈ ਜਿਨ੍ਹਾਂ ਨੇ ਮਨੁੱਖਤਾ ਨੂੰ ਪਿਆਰ ਅਤੇ ਫਿਰਕੂ ਸਦਭਾਵਨਾ ਦਾ ਸੁਨੇਹਾ ਦਿੱਤਾ ਹੈ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਮੁੱਖ ਮੰਤਰੀ ਤਰਫੋਂ ਨਿੱਜੀ ਤੌਰ 'ਤੇ ਵਿਰੋਧੀ ਧਿਰ ਦੇ ਸਾਰੇ ਆਗੂਆਂ ਅਤੇ ਐੱਸ. ਜੀ. ਪੀ. ਸੀ. ਤੱਕ ਪਹੁੰਚ ਕਰਨਗੇ ਅਤੇ ਉਨ੍ਹਾਂ ਨੂੰ ਸਿਆਸੀ ਲੀਹਾਂ ਤੋਂ ਉੱਪਰ ਉੱਠ ਕੇ ਇਸ ਮਹਾਨ ਪਵਿੱਤਰ ਸਮਾਰੋਹ ਵਿਚ ਸਮੂਹਿਕ ਤੌਰ 'ਤੇ ਸ਼ਮੂਲੀਅਤ ਕਰਨ ਵਾਸਤੇ ਮਨਾਉਣਗੇ। 
ਮੀਟਿੰਗ ਦੌਰਾਨ ਇਹ ਸਮਾਰੋਹ ਮਨਾਉਣ ਦੇ ਵੱਖ-ਵੱਖ ਪੱਖਾਂ 'ਤੇ ਧਿਆਨ ਦੇਣ ਲਈ ਇਕ ਸਬ-ਕਮੇਟੀ ਗਠਿਤ ਕਰਨ ਦਾ ਸੈਰ ਸਪਾਟਾ ਮੰਤਰੀ ਨੂੰ ਅਧਿਕਾਰ ਦਿੱਤਾ ਗਿਆ। ਅੱਜ ਦੀ ਮੀਟਿੰਗ ਵਿਚ ਕੈਬਨਿਟ ਮੰਤਰੀ ਸਿੱਧੂ ਤੋਂ ਇਲਾਵਾ ਸਾਧੂ ਸਿੰਘ ਧਰਮਸੌਤ, ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ ਤੋਂ ਇਲਾਵਾ ਸਿੱਖ ਵਿਦਵਾਨ ਤੇ ਫਲਾਸਫਰ ਡਾ. ਕਿਰਪਾਲ ਸਿੰਘ, ਉੱਘੇ ਸਿਆਸੀ ਸਮਾਜ ਸ਼ਾਸਤਰੀ ਦਿਪਾਂਕਰ ਗੁਪਤਾ, ਚੇਅਰਮੈਨ ਪੰਜਾਬ ਆਰਟ ਕੌਂਸਲ, ਪੰਜਾਬੀ ਕਵੀ ਸੁਰਜੀਤ ਪਾਤਰ, ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੇ ਨਾਂ ਜ਼ਿਕਰਯੋਗ ਹਨ। 
ਸਰਕਾਰ ਵਲੋਂ ਕੋਈ ਸੱਦਾ ਨਹੀਂ ਮਿਲਿਆ : ਅਕਾਲੀ ਦਲ 
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਪ੍ਰੋਗਰਾਮ ਦੀ ਤਿਆਰੀ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਅੱਜ ਚੰਡੀਗੜ੍ਹ 'ਚ ਆਯੋਜਿਤ ਕੀਤੀ ਗਈ ਬੈਠਕ ਦਾ ਅਕਾਲੀ ਦਲ ਵਲੋਂ ਬਾਈਕਾਟ ਕੀਤੇ ਜਾਣ ਦੀ ਗੱਲ ਨੂੰ ਪਾਰਟੀ ਨੇ ਗਲਤ ਦੱਸਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਕਿਸੇ ਵੀ ਨੇਤਾ ਨੂੰ ਸਰਕਾਰ ਵਲੋਂ ਇਸ ਬੈਠਕ 'ਚ ਸ਼ਾਮਲ ਹੋਣ ਦਾ ਸੱਦਾ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਨੇ ਫੋਨ 'ਤੇ ਹੀ ਅਕਾਲੀ ਦਲ ਦੇ ਕਿਸੇ ਵੀ ਨੇਤਾ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ 'ਚ ਹੋਣ ਵਾਲੀ ਬੈਠਕ 'ਚ ਸ਼ਾਮਲ ਨਾ ਹੋਣ ਦਾ ਸਵਾਲ ਹੀ ਨਹੀਂ ਕਿਉਂਕਿ ਇਹ ਕਿਸੇ ਇਕ ਪਾਰਟੀ ਦਾ ਮਾਮਲਾ ਨਹੀਂ ਹੈ ਪਰ ਕੈਪਟਨ ਸਰਕਾਰ ਜਾਣ-ਬੁੱਝ ਕੇ ਅਕਾਲੀ ਦਲ 'ਤੇ ਮੀਟਿੰਗ ਦਾ ਬਾਈਕਾਟ ਕਰਨ ਦਾ ਦੋਸ਼ ਲਾ ਕੇ ਮਾਮਲੇ ਨੂੰ ਸਿਆਸੀ ਰੰਗ ਦੇਣਾ ਚਾਹੁੰਦੀ ਹੈ।