ਬਠਿੰਡਾ ''ਚ ਹੋ ਰਹੀ ਹੈ ਧੜੱਲੇ ਨਾਲ ਮਾਈਨਿੰਗ?

02/07/2018 7:38:22 AM

ਪ੍ਰਸ਼ਾਸਨਿਕ ਅਧਿਕਾਰੀ ਖੁਦ ਹੀ ਭੰਬਲਭੂਸੇ 'ਚ
ਬਠਿੰਡਾ(ਬਲਵਿੰਦਰ)-ਇਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮਾਈਨਿੰਗ ਨੂੰ ਲੈ ਕੇ ਸਖਤ ਰੁਖ ਤੇ ਦੂਜੇ ਪਾਸੇ ਸ਼ਹਿਰ ਦੀ ਰਿੰਗ ਰੋਡ 'ਤੇ ਹੋ ਰਹੀ ਕਥਿਤ ਮਾਈਨਿੰਗ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀ ਖੁਦ ਹੀ ਭੰਬਲਭੂਸੇ 'ਚ ਹਨ ਕਿਉਂਕਿ ਇਸ ਬਾਰੇ ਸਥਿਤੀ ਸਪੱਸ਼ਟ ਨਹੀਂ ਹੋ ਰਹੀ।
ਕੀ ਹੈ ਮਾਮਲਾ  : ਅੱਜ ਇਥੇ ਰਿੰਗ ਰੋਡ 'ਤੇ ਨਹਿਰ ਪੁਲ ਅਤੇ ਰੇਲਵੇ ਪੁਲ ਨੇੜੇ ਦੋ ਥਾਵਾਂ 'ਤੇ ਖੇਤ ਪੁੱਟ ਕੇ ਮਿੱਟੀ ਵੇਚੀ ਜਾ ਰਹੀ ਸੀ। ਦੋ ਥਾਵਾਂ 'ਤੇ ਵੱਡੇ ਪੱਧਰ 'ਤੇ ਚੱਲ ਰਹੇ ਇਸ ਕਾਰਜ ਨੂੰ ਮਾਈਨਿੰਗ ਕਿਹਾ ਜਾ ਰਿਹਾ ਸੀ, ਜਿਸ ਕਾਰਨ ਮੀਡੀਆ ਦੀ ਇਕ ਟੀਮ ਮੌਕੇ 'ਤੇ ਪਹੁੰਚੀ, ਜਿੱਥੇ ਬਕਾਇਦਾ ਖੋਦਾਈ ਤੇ ਭਰਾਈ ਲਈ ਮਸ਼ੀਨਾਂ ਲੱਗੀਆਂ ਹੋਈਆਂ ਸਨ। ਇੱਥੇ ਦਰਜਨ ਭਰ ਟਰਾਲੀਆਂ ਮਿੱਟੀ ਭਰ ਕੇ ਕਿਧਰੇ ਜਾ ਰਹੀਆਂ ਸਨ। 
ਕੀ ਹਨ ਨਿਯਮ : ਧਰਤੀ ਨੂੰ ਪੁੱਟਣ 'ਤੇ ਪਾਬੰਦੀ ਹੈ, ਜੇਕਰ ਖੂਹ ਆਦਿ ਪੁੱਟਣ ਦੀ ਵੀ ਜ਼ਰੂਰਤ ਹੈ ਤਾਂ ਵੀ ਜ਼ਿਲਾ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਕੋਈ ਵੀ ਵਿਅਕਤੀ ਚਾਹੇ ਉਹ ਉਸ ਧਰਤੀ ਦਾ ਮਾਲਕ ਹੀ ਹੋਵੇ, ਖੋਦਾਈ ਕਰ ਕੇ ਉਸ 'ਚੋਂ ਨਿਕਲਣ ਵਾਲੀ ਕਿਸੇ ਵੀ ਵਸਤੂ ਨੂੰ ਵੇਚਣ ਦਾ ਅਧਿਕਾਰ ਨਹੀਂ ਰੱਖਦਾ, ਜੇਕਰ ਕੋਈ ਕਿਸਾਨ ਟਿੱਬੇ ਨੂੰ ਪੁੱਟ ਕੇ ਖੇਤ ਨੂੰ ਪੱਧਰਾ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ ਪਰ ਉਸ ਨੂੰ ਮਿੱਟੀ ਵੇਚਣ ਦਾ ਅਧਿਕਾਰ ਨਹੀਂ ਹੈ, ਜੇਕਰ ਉਹ ਅਜਿਹਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਪਵੇਗੀ।
ਜੇਕਰ ਉਕਤ ਥਾਵਾਂ 'ਤੇ ਹੋ ਰਹੇ ਕਾਰਜ ਨੂੰ ਮਾਈਨਿੰਗ ਨਾ ਕਹਿ ਕੇ ਖੇਤ ਪੱਧਰਾ ਕਰਨਾ ਵੀ ਕਿਹਾ ਜਾਵੇ ਤਾਂ ਵੀ ਇਹ ਗੈਰਕਾਨੂੰਨੀ ਹੈ ਕਿਉਂਕਿ ਸਬੰਧਤ ਖੇਤਾਂ ਦੇ ਮਾਲਕਾਂ ਕੋਲ ਮਿੱਟੀ ਵੇਚਣ ਦੀ ਮਨਜ਼ੂਰੀ ਵੀ ਨਹੀਂ ਸੀ। 
ਕੀ ਕਹਿੰਦੇ ਹਨ ਅਧਿਕਾਰੀ : ਏ. ਡੀ. ਸੀ. ਸ਼ੈਨਾ ਅਗਰਵਾਲ ਦਾ ਕਹਿਣਾ ਹੈ ਕਿ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਸਬੰਧਤ ਕਿਸਾਨਾਂ ਮੁਤਾਬਕ ਉਹ ਖੋਦਾਈ ਨਹੀਂ ਕਰ ਰਹੇ, ਸਗੋਂ ਟਿੱਬੇ ਦੀ ਮਿੱਟੀ ਚੁੱਕ ਕੇ ਖੇਤ ਨੂੰ ਪੱਧਰਾ ਕਰ ਰਹੇ ਸਨ, ਜਦਕਿ ਉਹ ਮਿੱਟੀ ਵੇਚ ਨਹੀਂ ਰਹੇ, ਸਗੋਂ ਨੀਵੀਆਂ ਥਾਵਾਂ 'ਤੇ ਸੁੱਟ ਰਹੇ ਸਨ। ਏ. ਡੀ. ਸੀ. ਨੇ ਕਿਹਾ ਕਿ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਵੱਲੋਂ ਮਿੱਟੀ ਵੇਚੀ ਜਾ ਰਹੀ ਹੈ ਜਾਂ ਨਹੀਂ, ਜੇਕਰ ਕਿਸਾਨਾਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।