ਕੈਪਟਨ ਅਮਰਿੰਦਰ ਤੇ ਬਾਦਲ ਪਰਿਵਾਰ ਇਕ ਵਾਰ ਫਿਰ ਬਠਿੰਡਾ ''ਚ ਹੋਣਗੇ ਆਹਮੋ-ਸਾਹਮਣੇ!

11/18/2017 6:25:09 AM

ਜਲੰਧਰ(ਚੋਪੜਾ)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਰਣਇੰਦਰ ਸਿੰਘ ਨੂੰ ਇਕ ਵਾਰ ਫਿਰ ਸਰਗਰਮ ਸਿਆਸਤ ਵਿਚ ਲਿਆਉਣ ਲਈ ਜੀ-ਤੋੜ ਕੋਸ਼ਿਸ਼ਾਂ ਵਿਚ ਜੁਟ ਗਏ ਹਨ। ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤਾਂ ਨੂੰ ਵੇਖਦਿਆਂ ਉਹ ਹੁਣੇ ਤੋਂ ਰਣਇੰਦਰ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਤੋਂ ਚੋਣ ਮੈਦਾਨ 'ਚ ਉਤਾਰਨ ਲਈ ਜ਼ਮੀਨ ਤਿਆਰ ਕਰਨ ਵਿਚ ਜੁਟ ਗਏ ਹਨ, ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਬਠਿੰਡਾ 'ਚ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੇ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਕੇਂਦਰੀ ਰਾਜ ਮੰਤਰੀ ਹਰਸਿਮਰਤ ਤੇ ਯੁਵਰਾਜ ਰਣਇੰਦਰ ਦਰਮਿਆਨ ਮੁਕਾਬਲਾ ਹੋਣ ਦੇ ਆਸਾਰ ਬਣ ਗਏ ਹਨ। ਜ਼ਿਕਰਯੋਗ ਹੈ ਕਿ ਹਰਸਿਮਰਤ ਨੇ 2009 ਦੀਆਂ ਲੋਕ ਸਭਾ ਚੋਣਾਂ ਵਿਚ ਰਣਇੰਦਰ ਸਿੰਘ ਨੂੰ ਕਰੀਬ 1 ਲੱਖ 20 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ ਸੀ ਪਰ 2014 ਦੀਆਂ ਲੋਕ ਸਭਾ ਚੋਣਾਂ ਵਿਚ ਮਨਪ੍ਰੀਤ ਬਾਦਲ ਦੇ ਨਾਲ ਮੁਕਾਬਲੇ ਵਿਚ ਹਰਸਿਮਰਤ ਦੀ ਲੀਡ ਸਿਮਟ ਕੇ 30 ਹਜ਼ਾਰ ਤਕ ਰਹਿ ਗਈ ਸੀ। ਉਂਝ ਤਾਂ ਪੰਜਾਬ ਦੀ ਸਾਬਕਾ ਬਾਦਲ ਸਰਕਾਰ ਨੇ 10 ਸਾਲਾਂ ਦੇ ਸ਼ਾਸਨਕਾਲ ਵਿਚ ਬਠਿੰਡਾ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਗ੍ਰਾਂਟਾਂ ਦੇ ਗੱਫੇ ਦਿੱਤੇ ਸਨ, ਇਸ ਕਾਰਨ ਹੋਰ ਜ਼ਿਲਿਆਂ ਦੇ ਆਗੂਆਂ ਵਲੋਂ ਮੁੱਖ ਮੰਤਰੀ ਬਾਦਲ 'ਤੇ ਪੰਜਾਬ ਦਾ ਸਾਰਾ ਪੈਸਾ ਬਠਿੰਡਾ 'ਤੇ ਖਰਚ ਕਰਨ ਦੇ ਦੋਸ਼ ਵੀ ਲੱਗਦੇ ਰਹੇ। ਬਾਦਲ ਪਰਿਵਾਰ ਦੀ ਮੁਸ਼ੱਕਤ ਦੇ ਬਾਵਜੂਦ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਬਠਿੰਡਾ ਦੇ ਵੋਟਰਾਂ ਨੇ ਆਪਣਾ ਰੁਖ਼ ਬਦਲ ਲਿਆ। ਪੰਜਾਬ ਵਿਚ ਚੱਲ ਰਹੀ 'ਆਪ' ਦੀ ਲਹਿਰ ਨੂੰ ਸਮਰਥਨ ਦਿੰਦਿਆਂ ਵੋਟਰਾਂ ਨੇ 9 ਵਿਚੋਂ 5 ਵਿਧਾਨ ਸਭਾ ਹਲਕਿਆਂ ਤੋਂ 'ਆਪ' ਉਮੀਦਵਾਰਾਂ ਨੂੰ ਜਿੱਤਵਾਇਆ, ਜਦੋਂਕਿ ਕਾਂਗਰਸ ਤੇ ਅਕਾਲੀ-ਭਾਜਪਾ ਗਠਜੋੜ ਨੂੰ ਸਿਰਫ 2-2 ਸੀਟਾਂ 'ਤੇ ਸਬਰ ਦਾ ਘੁੱਟ ਭਰਨਾ ਪਿਆ। ਵਿਧਾਨ ਸਭਾ ਚੋਣਾਂ ਦੇ 8 ਮਹੀਨਿਆਂ ਦੌਰਾਨ ਹੀ ਸਿਆਸੀ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਬਠਿੰਡਾ ਦੇ ਜਿਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ 'ਆਪ' ਦੇ ਵਿਧਾਇਕ ਹਨ, ਉਥੋਂ ਦੀ ਜਨਤਾ ਵਿਚ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਕੰਮ ਨਹੀਂ ਹੋ ਰਹੇ ਹਨ । ਉਹ ਮਹਿਸੂਸ ਕਰਨ ਲੱਗੇ ਹਨ ਕਿ ਲੋਕ ਸਭਾ ਚੋਣਾਂ ਵਿਚ ਕੋਈ ਅਜਿਹਾ ਆਗੂ ਆਵੇ ਜੋ ਉਨ੍ਹਾਂ ਦਾ ਹੱਥ ਫੜ ਸਕੇ। ਵਿਧਾਨ ਸਭਾ ਚੋਣਾਂ ਉਪਰੰਤ ਪੰਜਾਬ ਵਿਚ 'ਆਪ' ਦਾ ਗ੍ਰਾਫ ਲਗਾਤਾਰ ਡਿਗਦਾ ਜਾ ਰਿਹਾ ਹੈ ਤੇ ਅਕਾਲੀ-ਭਾਜਪਾ ਗਠਜੋੜ ਵੀ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਨੂੰ ਕੈਸ਼ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ, ਜਦੋਂਕਿ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਵਿਚ ਸੁਨੀਲ ਜਾਖੜ ਦੀ ਹੂੰਝਾਫੇਰ ਜਿੱਤ ਨਾਲ ਕੈਪਟਨ ਖੇਮਾ ਕਾਫੀ ਉਤਸ਼ਾਹਿਤ ਦਿਸ ਰਿਹਾ ਹੈ। ਮਨਪ੍ਰੀਤ ਦੇ ਵਿੱਤ ਮੰਤਰੀ ਬਣਨ ਉਪਰੰਤ ਲੋਕ ਸਭਾ ਚੋਣਾਂ ਲਈ ਕਾਂਗਰਸ ਕੋਲ ਕੋਈ ਮਜ਼ਬੂਤ ਦਾਅਵੇਦਾਰ ਵੀ ਨਹੀਂ ਹੈ, ਇਸ ਕਾਰਨ ਕੈਪਟਨ ਅਮਰਿੰਦਰ ਨੇ ਬਠਿੰਡਾ ਸੀਟ 'ਤੇ ਆਪਣੀ ਤਿੱਖੀ ਨਜ਼ਰ ਰੱਖੀ ਹੋਈ ਹੈ ਤੇ ਰਣਇੰਦਰ ਨੂੰ ਚੋਣ ਲੜਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਬਠਿੰਡਾ 'ਚ ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਦੇ ਤਬਾਦਲਿਆਂ ਦੀ ਤਿਆਰੀ ਚੱਲ ਰਹੀ ਹੈ ਤੇ ਕੈਪਟਨ ਅਮਰਿੰਦਰ ਅਜਿਹੇ ਅਧਿਕਾਰੀਆਂ ਨੂੰ ਤਾਇਨਾਤ ਕਰਨ ਜਾ ਰਹੇ ਹਨ, ਜੋ ਕਾਂਗਰਸੀਆਂ ਤੇ ਜਨਤਾ ਦੇ ਕੰਮ ਕਰਕੇ ਉਨ੍ਹਾਂ ਨੂੰ ਖੁਸ਼ ਰੱਖ ਸਕਣ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਨੇ ਬਠਿੰਡਾ ਦੇ ਵੱਡੇ ਕਾਂਗਰਸੀ ਆਗੂਆਂ ਨੂੰ ਸੰਦੇਸ਼ ਦਿੱਤਾ ਹੈ ਕਿ ਢੁਕਵੇਂ ਹਾਲਾਤਾਂ ਦੇ ਮੱਦੇਨਜ਼ਰ ਰਣਇੰਦਰ ਦੀ ਚੋਣ ਕਮਾਨ ਸੰਭਾਲਦਿਆਂ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦੇਣ। ਹੁਣ 2017 ਵਿਚ ਪੰਜਾਬ ਦੇ 2 ਵੱਡੇ ਰਾਜਸੀ ਪਰਿਵਾਰਾਂ ਵਿਚ ਹੋਣ ਵਾਲਾ ਚੋਣ ਦੰਗਲ ਕੀ ਰੰਗ ਵਿਖਾਉਂਦਾ ਹੈ, ਇਹ ਸਮਾਂ ਹੀ ਦੱਸੇਗਾ?