ਪਿਮਸ ਇੰਪਲਾਈਜ਼ ਯੂਨੀਅਨ ਤੇ ਪ੍ਰਬੰਧਕਾਂ ਵਿਚਾਲੇ ਵਿਵਾਦ ਦਾ ਮਾਮਲਾ : 5 ਅਧਿਕਾਰੀਆਂ ਖਿਲਾਫ ਸੀ. ਐੱਮ. ਨੂੰ ਭੇਜੀ ਸ਼ਿਕਾਇਤ

11/02/2017 6:02:52 AM

ਜਲੰਧਰ(ਅਮਿਤ)-ਪਿਮਸ ਇੰਪਲਾਈਜ਼ ਯੂਨੀਅਨ ਨੇ ਪੰਜਾਬ ਦੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਨੂੰ ਇਕ ਸ਼ਿਕਾਇਤ ਪੱਤਰ ਭੇਜ ਦਿੱਤਾ ਹੈ, ਜਿਸ 'ਚ ਪਿਮਸ ਮੈਨੇਜਮੈਂਟ ਦੇ ਪੰਜ ਅਧਿਕਾਰੀਆਂ ਖਿਲਾਫ ਜਾਤੀ ਦੇ ਆਧਾਰ 'ਤੇ ਭੇਦਭਾਵ ਕਰਨ ਦੇ ਗੰਭੀਰ ਦੋਸ਼ ਲਾਏ ਗਏ ਹਨ।   ਵਾਈਸ ਪ੍ਰਧਾਨ ਸਤਿੰਦਰ ਨੇ ਦੱਸਿਆ ਕਿ ਪਿਮਸ ਮੈਡੀਕਲ ਐਂਡ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਰਾਜਨ ਕਸ਼ਯਪ, ਸੈਕਟਰੀ ਭਵਦੀਪ ਸਰਦਾਨਾ, ਜੁਆਇੰਟ ਸੈਕਟਰੀ ਮੋਹਿਤ ਚਿਤਕਾਰਾ, ਮੈਂਬਰ ਜਸਮੀਤ ਪੁਰੀ ਅਤੇ ਵਿਕਰਮ ਦਿੱਤ ਰਾਜਪੂਤ ਖਿਲਾਫ ਸੀ. ਐੱਮ. ਨੂੰ ਸ਼ਿਕਾਇਤ ਭੇਜੀ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਇਨ੍ਹਾਂ ਨੇ ਜਾਣਬੁਝ ਕੇ ਪਿਮਸ ਵਿਚ ਜਾਤੀਵਾਦ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਕਾਰਨ ਦੋ ਕਰਮਚਾਰੀ ਨਰਿੰਦਰ ਕੁਮਾਰ ਅਤੇ ਧਰਮਿੰਦਰ ਕੁਮਾਰ ਨੂੰ ਬਿਨਾਂ ਕਿਸੇ ਕਸੂਰ ਦੇ ਨੌਕਰੀ ਤੋਂ ਕੱਢ ਦਿੱਤਾ ਗਿਆ। ਇੰਨਾ ਹੀ ਨਹੀਂ 70-80 ਕਰਮਚਾਰੀਆਂ ਦੀ ਮੌਜੂਦਗੀ ਵਿਚ ਉਨ੍ਹਾਂ ਜਾਤੀਸੂਚਕ ਸ਼ਬਦ ਤੱਕ ਕਹੇ, ਜਿਸ ਲਈ ਪੁਲਸ ਦੀ ਜਾਂਚ ਫਿਲਹਾਲ ਪੈਂਡਿੰਗ ਹੈ। ਯੂਨੀਅਨ ਨੇ ਸੀ. ਐੱਮ. ਨੂੰ ਲਿਖੇ ਸ਼ਿਕਾਇਤ ਪੱਤਰ ਵਿਚ ਦੋਵਾਂ ਕਰਮਚਾਰੀਆਂ ਨੂੰ ਜਲਦ ਬਹਾਲ ਕਰਨ ਅਤੇ ਜਾਤੀਸੂਚਕ ਸ਼ਬਦ ਬੋਲਣ ਦੇ ਦੋਸ਼ੀ ਅਧਿਕਾਰੀਆਂ ਸਾਬਕਾ ਡਾਇਰੈਕਟਰ ਡਾ. ਕੰਵਲਜੀਤ ਅਤੇ ਐੱਚ. ਆਰ. ਮੈਨੇਜਰ ਹਰਨੀਤ ਕੌਰ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮੀਡੀਆ ਨਾਲ ਗੱਲ ਕਰਨ ਦੀ ਮਿਲੀ ਸਜ਼ਾ
ਬਰਖਾਸਤ ਕੀਤੇ ਗਏ ਨਰਿੰਦਰ ਅਤੇ ਧਰਮਿੰਦਰ ਨੇ ਕਿਹਾ ਕਿ ਪਿਮਸ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਅਸੀਂ ਮੀਡੀਆ ਨਾਲ ਗੱਲ ਕਰਦੇ ਹਾਂ। ਇਸ ਲਈ ਤੁਹਾਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਮੀਡੀਆ ਨਾਲ ਗੱਲ ਕਰਨ ਦੀ ਸਜ਼ਾ ਦਿੱਤੀ ਗਈ। ਹਾਲਾਂਕਿ ਪਿਮਸ ਵੱਲੋਂ 12 ਕਰਮਚਾਰੀਆਂ ਨੂੰ ਸ਼ੋਅ-ਕਾਜ਼ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਸਾਰਿਆਂ ਨੇ ਇਕ ਹੀ ਜਵਾਬ ਦਿੱਤਾ ਸੀ ਪਰ ਪ੍ਰਬੰਧਕਾਂ ਨੇ ਪਿੱਕ ਐਂਡ ਚੂਜ਼ ਵਾਲੀ ਨੀਤੀ ਅਪਣਾਉਂਦੇ ਹੋਏ ਸਿਰਫ ਸਾਨੂੰ ਦੋਵਾਂ ਨੂੰ ਹੀ ਬਰਖਾਸਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਉਨ੍ਹਾਂ ਨੂੰ ਨੌਕਰੀ 'ਤੇ ਵਾਪਸ ਨਾ ਰੱਖਿਆ ਗਿਆ ਤਾਂ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਪਾਲਣ-ਪੋਸ਼ਣ 'ਤੇ ਵੀ ਉਲਟਾ ਅਸਰ ਪੈ ਸਕਦਾ ਹੈ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਪਿਮਸ ਪ੍ਰਬੰਧਕਾਂ ਦੀ ਹੋਵੇਗੀ।