ਕੈਪਟਨ ਨੇ ਸਾਊਦੀ ਅਰਬ ''ਚ ਘਿਰੀਆਂ ਪੰਜਾਬੀ ਮਾਵਾਂ-ਧੀਆਂ ਲਈ ਸੁਸ਼ਮਾ ਤੋਂ ਮੰਗੀ ਮਦਦ

10/31/2017 5:35:51 AM

ਚੰਡੀਗੜ੍ਹ(ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੂੰ ਸਾਊਦੀ ਅਰਬ 'ਚ ਮੁਸ਼ਕਲਾਂ 'ਚੋਂ ਲੰਘ ਰਹੀਆਂ ਮਾਵਾਂ-ਧੀਆਂ ਦੀ ਸੁਰੱਖਿਅਤ ਵਾਪਸੀ ਵਾਸਤੇ ਮਦਦ ਲਈ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਸਵਰਾਜ ਨੂੰ ਕੀਤੇ ਟਵੀਟ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਾਂਸ਼ਹਿਰ ਦੀਆਂ ਦੋਵੇਂ ਮਾਵਾਂ-ਧੀਆਂ ਸਾਊਦੀ ਅਰਬ ਵਿਚ ਮੁਸ਼ਕਲ 'ਚ ਹਨ। ਤੁਹਾਨੂੰ ਤੁਰੰਤ ਮਦਦ ਕਰਨ ਦੀ ਬੇਨਤੀ ਹੈ। ਇਸ ਟਵੀਟ ਦੇ ਜਵਾਬ ਵਿਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਿਆਦ ਵਿਚ ਭਾਰਤੀ ਦੂਤਾਵਾਸ ਕੋਲ ਇਹ ਮਾਮਲਾ ਉਠਾਇਆ ਤੇ ਦੂਤਾਵਾਸ ਨੇ ਕੇਂਦਰੀ ਮੰਤਰੀ ਨੂੰ ਦਿੱਤੇ ਜਵਾਬ ਵਿਚ ਆਖਿਆ ਕਿ ਉਹ ਇਸ ਪਾਸੇ ਸਰਗਰਮੀ ਨਾਲ ਜੁਟੇ ਹੋਏ ਹਨ। ਮੁੱਖ ਮੰਤਰੀ ਨੇ ਸੁਸ਼ਮਾ ਸਵਰਾਜ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਇਨ੍ਹਾਂ ਦੋਵਾਂ ਮਹਿਲਾਵਾਂ ਦੇ ਆਪਣੇ ਜੱਦੀ ਪਿੰਡ ਛੇਤੀ ਪਹੁੰਚਣ ਦੀ ਆਸ ਹੈ।