ਅਮਰਿੰਦਰ ਨੇ ਮੰਤਰੀਆਂ ਨੂੰ ਗੁਰਦਾਸਪੁਰ ਪਹੁੰਚਣ ਦੇ ਨਿਰਦੇਸ਼ ਦਿੱਤੇ

09/22/2017 3:33:09 AM

ਜਲੰਧਰ(ਧਵਨ)—ਕਾਂਗਰਸ ਵਲੋਂ ਗੁਰਦਾਸਪੁਰ ਉਪ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦੇਣ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਰੇ ਮੰਤਰੀਆਂ ਨੂੰ ਅਗਲੇ 3-4 ਦਿਨਾਂ 'ਚ ਗੁਰਦਾਸਪੁਰ ਪਹੁੰਚਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਕਾਂਗਰਸੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਬੰਧ 'ਚ ਆਪਣੇ ਕਈ ਸੀਨੀਅਰ ਮੰਤਰੀਆਂ ਨਾਲ ਚਰਚਾ ਵੀ ਕੀਤੀ ਹੈ। ਮੁੱਖ ਮੰਤਰੀ ਨੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ ਖਤਮ ਹੋਣ ਅਤੇ ਜਾਂਚ-ਪੜਤਾਲ ਦਾ ਕੰਮ ਸਮਾਪਤ ਹੋ ਜਾਣ ਤੋਂ ਬਾਅਦ ਸਾਰੇ ਮੰਤਰੀਆਂ ਨੂੰ ਪਾਰਟੀ ਉਮੀਦਵਾਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਮਦਦ ਕਰਨ ਲਈ ਕਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਪੰਜਾਬ ਕਾਂਗਰਸ ਕਮੇਟੀ ਵਲੋਂ ਅਗਲੇ ਕੁਝ ਦਿਨਾਂ 'ਚ ਵਿਧਾਇਕਾਂ ਨੂੰ ਵੀ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵੱਖ-ਵੱਖ ਜ਼ੋਨ ਵੰਡ ਦਿੱਤੇ ਜਾਣਗੇ।  ਕੈਪਟਨ ਟੀਮ ਹੀ ਗੁਰਦਾਸਪੁਰ ਸੰਸਦੀ ਇਲਾਕੇ ਨੂੰ ਸੰਭਾਲੇਗੀ।  ਮੁੱਖ ਮੰਤਰੀ  ਨੇ ਆਪਣੀ ਟੀਮ ਦੇ ਕੁਝ ਮੈਂਬਰਾਂ ਦੀਆਂ ਡਿਊਟੀਆਂ ਵੀ ਲਾ ਦਿੱਤੀਆਂ ਹਨ। ਦੂਜੇ ਪਾਸੇ ਸਥਾਨਕ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਕਾਂਗਰਸ ਭਵਨ 'ਚ ਸੁਨੀਲ ਜਾਖੜ ਨਾਲ ਬੈਠਕ ਕੀਤੀ । ਸਿੱਧੂ ਨੇ ਪੇਸ਼ਕਸ਼ ਕੀਤੀ  ਕਿ ਉਹ ਆਪਣੀਆਂ ਸੇਵਾਵਾਂ ਉਨ੍ਹਾਂ ਦੀ ਇੱਛਾ ਅਨੁਸਾਰ ਗੁਰਦਾਸਪੁਰ ਹਲਕੇ 'ਚ ਦੇਣਾ ਚਾਹੁੰਦੇ ਹਨ। ਜਾਖੜ ਨੇ  ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਵਲੋਂ ਮੰਤਰੀਆਂ ਦੀਆਂ ਡਿਊਟੀਆਂ ਲਾਈਆਂ ਜਾਣਗੀਆਂ ਉਸੇ ਤਰ੍ਹਾਂ ਨਾਲ ਸਿੱਧੂ ਨੂੰ ਵੀ ਪ੍ਰਚਾਰ ਲਈ ਅਹਿਮ ਭੂਮਿਕਾ ਦਿੱਤੀ ਜਾਵੇਗੀ। ਦੂਜੇ ਪਾਸੇ ਜਾਖੜ ਵਲੋਂ 22 ਸਤੰਬਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। ਉਹ ਵੀਰਵਾਰ ਚੰਡੀਗੜ੍ਹ ਤੋਂ ਅੰਮ੍ਰਿਤਸਰ ਲਈ ਰਵਾਨਾ ਹੋ ਗਏ।  ਸ਼ੁੱਕਰਵਾਰ ਸਵੇਰੇ ਉਹ ਅੰਮ੍ਰਿਤਸਰ ਤੋਂ ਗੁਰਦਾਸਪੁਰ ਲਈ ਰਵਾਨਾ ਹੋ ਜਾਣਗੇ।