ਸਰਕਾਰ ਬਣਨ ਦੇ 180 ਦਿਨਾਂ ਬਾਅਦ ਕੈਪਟਨ ਨੂੰ ਯਾਦ ਆਏ ਲੁਧਿਆਣਵੀ

09/03/2017 5:02:18 AM

ਲੁਧਿਆਣਾ(ਪਾਲੀ)-ਚੋਣਾਂ ਦੌਰਾਨ ਪੰਜਾਬ ਦੇ ਵਿਕਾਸ ਲਈ ਕੈਪਟਨ ਸਰਕਾਰ ਵੱਲੋਂ ਕੀਤੇ ਵਾਅਦੇ ਕਦੋਂ ਪੂਰੇ ਹੋਣਗੇ, ਇਸ ਗੱਲ ਦਾ ਪ੍ਰਮਾਣ ਇਥੋਂ ਦੇਖਣ ਤੋਂ ਮਿਲਦਾ ਹੈ ਕਿ ਸੱਤਾ ਦੀ ਕੁਰਸੀ ਸੰਭਾਲਣ ਤੋਂ 180 ਦਿਨਾਂ ਬਾਅਦ ਕੈਪਟਨ ਅਮਰਿੰਦਰ ਨੂੰ ਲੁਧਿਆਣਾ ਵਾਸੀਆਂ ਦੀ ਯਾਦ ਤਾਂ ਆਈ ਹੈ। ਕੈਪਟਨ ਸਰਕਾਰ ਵੱਲੋਂ ਸੱਤਾ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਪੰਜਾਬ ਵਾਸੀਆਂ ਨੂੰ ਚੋਣਾਂ ਦੌਰਾਨ ਦਿਖਾਏ ਗਏ ਸੁਪਨਿਆਂ ਨੂੰ ਪੂਰਾ ਕਰਨ ਲਈ ਕੈਪਟਨ ਅਮਰਿੰਦਰ 6 ਸਤੰਬਰ ਨੂੰ ਲੁਧਿਆਣਾ ਵਿਖੇ ਆ ਰਹੇ ਹਨ। ਇਸ ਗੱਲ ਦੀ ਲੁਧਿਆਣਾ ਵਾਸੀਆਂ ਦੀ ਜ਼ੁਬਾਨ 'ਤੇ ਚਰਚਾ ਵੇਖਣ ਨੂੰ ਮਿਲ ਰਹੀ ਹੈ ਕਿ ਕੈਪਟਨ ਅਮਰਿੰਦਰ ਲੁਧਿਆਣਾ ਵਾਸੀਆਂ ਲਈ ਵਿਕਾਸ ਦੇ ਕਾਰਜਾਂ ਦਾ ਕੀ ਪਿਟਾਰਾ ਖੋਲ੍ਹਦੇ ਹਨ। ਇਹ 6 ਸਤੰਬਰ ਨੂੰ ਹੀ ਪਤਾ ਲੱਗੇਗਾ।   ਪੰਜਾਬ ਵਿਚ ਅਕਾਲੀ-ਭਾਜਪਾ ਨੇ 10 ਸਾਲ ਸੱਤਾ ਦਾ ਰਾਜ ਭੋਗਿਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਪੰਜਾਬ ਵਿਚ ਲੁਧਿਆਣੇ ਦੇ ਦੌਰੇ 'ਤੇ ਆਮ ਵੇਖਣ ਨੂੰ ਮਿਲਦੇ ਹਨ, ਜਿਸ ਦਾ ਮੁੱਖ ਕਾਰਨ ਪੰਜਾਬ ਦੀ ਵੱਡੀ ਇੰਡਸਟਰੀ ਲੁਧਿਆਣਾ ਵਿਖੇ ਮੌਜੂਦ ਹੈ। ਹਰ ਵਪਾਰੀ ਲੁਧਿਆਣਾ ਵਿਖੇ ਬੇਧੜਕ ਹੋ ਕੇ ਵਪਾਰ ਕਰ ਕੇ ਸਰਕਾਰ ਨੂੰ ਵੱਡੀ ਮਾਤਰਾ ਵਿਚ ਟੈਕਸ ਦੇ ਰਿਹਾ ਹੈ। 
ਕਦੋਂ ਹੋਣਗੇ ਨਸ਼ਾ ਮੁਕਤ ਪੰਜਾਬ ਤੇ ਨੌਜਵਾਨ ਬੇਰੁਜ਼ਗਾਰੀ ਦੇ ਵਾਅਦੇ
ਲੁਧਿਆਣਾ ਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਸੱਤਾ 'ਤੇ ਰਾਜ ਕਰ ਰਹੀ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਪੰਜਾਬ ਵਾਸੀਆਂ ਨੂੰ ਦੁਹਾਈਆਂ ਦੇ ਕੇ ਵਾਅਦੇ ਕੀਤੇ ਸਨ ਕਿ ਪੰਜਾਬ ਅੰਦਰ 7 ਦਿਨਾਂ ਵਿਚ ਨਸ਼ਾ ਜੜ੍ਹ ਤੋਂ ਖਤਮ ਹੋ ਜਾਵੇਗਾ। ਨੌਜਵਾਨ ਜੋ ਕਿ ਪੜ੍ਹਾਈ ਕਰਨ ਤੋਂ ਬਾਅਦ ਨੌਕਰੀਆਂ ਲਈ ਥਾਂ-ਥਾਂ 'ਤੇ ਧੱਕੇ ਖਾ ਰਹੇ ਹਨ, ਉਨ੍ਹਾਂ ਨੂੰ ਜਲਦ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਜਨਤਾ ਦੀ ਆਵਾਜ਼ ਹੈ ਕਿ ਕੈਪਟਨ ਵੱਲੋਂ ਕੀਤੇ ਵਾਅਦੇ ਨਸ਼ਾ ਮੁਕਤ ਪੰਜਾਬ ਤੇ ਨੌਜਵਾਨ ਦੀ ਬੇਰੁਜ਼ਗਾਰੀ ਕਦੋਂ ਦੂਰ ਹੋਵੇਗੀ। 
ਮਹਾਨਗਰ 'ਚ ਵਿਕਾਸ ਦੀ ਇਕ ਇੱਟ ਵੀ ਨਹੀਂ ਲਾਈ, ਕਰਦੇ ਵਿਕਾਸ ਕਰਨ ਦੇ ਐਲਾਨ 
ਕਾਂਗਰਸ ਸਰਕਾਰ ਨੇ ਪਹਿਲਾਂ 5 ਸਾਲ ਪੰਜਾਬ ਵਿਚ ਰਾਜ ਕੀਤਾ ਤੇ ਵਿਕਾਸ ਦੀ ਇਕ ਇੱਟ ਵੀ ਮਹਾਨਗਰ ਵਿਚ ਨਹੀਂ ਲਾਈ ਅਤੇ ਹੁਣ 6 ਮਹੀਨਿਆਂ ਦਾ ਸਮਾਂ ਬੀਤਣ ਤੋਂ ਬਾਅਦ ਵਿਕਾਸ ਕਰਨ ਦੇ ਦਾਅਵੇ ਕਰ ਰਹੇ ਹਨ। ਮਹਾਨਗਰ ਵਿਚ ਅਕਾਲੀ ਸਰਕਾਰ ਨੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਅਲਾਟ ਕਰਵਾਏ, 100 ਫੀਸਦੀ ਸੀਵਰੇਜ ਪ੍ਰਣਾਲੀ ਨੂੰ ਲਾਗੂ ਕੀਤਾ, ਐਲੀਵੇਟਿਡ ਰੋਡ ਬਣਾਏ, ਦੱਖਣੀ ਬਾਈਪਾਸ ਅਕਾਲੀ ਸਰਕਾਰ ਨੇ ਆਪਣੇ ਸਮੇਂ 'ਚ ਬਣਾਇਆ।
ਅਕਾਲੀ ਸਰਕਾਰ ਵੱਲੋਂ ਕੀਤੇ ਗਏ ਪ੍ਰਾਜੈਕਟਾਂ ਦਾ ਲਾਹਾ ਲੈਣ ਲੱਗੀ ਕਾਂਗਰਸ ਸਰਕਾਰ
ਪੰਜਾਬ ਵਿਚ ਅਕਾਲੀ-ਭਾਜਪਾ ਨੇ 10 ਸਾਲ ਰਾਜ ਕਰ ਕੇ ਪੰਜਾਬ ਵਾਸੀਆਂ ਨੂੰ ਉਹ ਸਹੂਲਤਾਂ ਮੁਹੱਈਆ ਕਰਵਾਈਆਂ ਸਨ, ਜੋ ਕਿ ਕਾਂਗਰਸ ਸਰਕਾਰ ਕਦੀ ਸੁਪਨੇ ਵਿਚ ਵੀ ਸੋਚ ਨਹੀਂ ਸਕਦੀ। ਅੱਜ 6 ਮਹੀਨਿਆਂ ਦਾ ਸਮਾਂ ਬੀਤਣ ਤੋਂ ਬਾਅਦ ਕਾਂਗਰਸੀ ਆਗੂ ਮਹਾਨਗਰ ਵਿਖੇ ਕੈਪਟਨ ਦੇ ਦੌਰੇ 'ਤੇ ਆਉਣ ਤੋਂ ਪਹਿਲਾਂ ਵਿਕਾਸ ਕਾਰਜ ਕਰਵਾਉਣ ਦੇ ਦਾਅਵੇ ਕਰ ਰਹੇ ਹਨ, ਜੋ ਪ੍ਰਾਜੈਕਟ ਅਕਾਲੀ ਸਰਕਾਰ ਨੇ ਆਪਣੇ ਸਮੇਂ 'ਤੇ ਚਾਲੂ ਕੀਤੇ ਸਨ। ਕਾਂਗਰਸ ਉਨ੍ਹਾਂ ਵੱਲੋਂ ਕੀਤੇ ਗਏ ਪ੍ਰਾਜੈਕਟਾਂ ਦਾ ਹੀ ਲਾਹਾ ਲੈ ਰਹੀ ਹੈ। ਪਹਿਲਾਂ ਕੈਪਟਨ ਚੋਣਾਂ ਦੌਰਾਨ ਕੀਤੇ ਗਏ ਜੋ ਵਾਅਦੇ ਸਨ, ਉਸ ਨੂੰ ਪੂਰਾ ਕਰੇ, ਬਾਅਦ ਵਿਚ ਅਕਾਲੀ ਦਲ ਨੂੰ ਦੱਸੇ ਕਿ ਉਸ ਨੇ ਕਿਹੜੇ-ਕਿਹੜੇ ਵਿਕਾਸ ਕੀਤੇ ਅਤੇ ਕਰਵਾਏ ਹਨ।